ਪਰਮਜੀਤ ਸਿੰਘ
ਫਾਜ਼ਿਲਕਾ, 21 ਨਵੰਬਰ
ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਦਾਇਰਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕੀਤੇ ਜਾਣ ਤੋਂ ਬਾਅਦ ਬੀਐਸਐਫ ਵੱਲੋਂ ਪੰਜਾਬ ਪੁਲੀਸ ਦੇ ਨਾਲ ਮਿਲ ਕੇ ਪਹਿਲੀ ਵਾਰ ਫ਼ਾਜ਼ਿਲਕਾ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ’ਚ ਗਸ਼ਤ ਕਰ ਕੇ ਅਤੇ ਸ਼ਹਿਰ ਦੇ ਵੱਖ-ਵੱਖ ਚੌਕਾਂ ’ਤੇ ਨਾਕਾਬੰਦੀ ਕੀਤੀ ਗਈ ਅਤੇ ਇਲਾਕਾ ਵਾਸੀਆਂ ਨੂੰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵਿਸ਼ਵਾਸ਼ ਬਹਾਲੀ ਦਾ ਸੁਨੇਹਾ ਦਿੱਤਾ ਗਿਆ। ਇਸ ਦੌਰਾਨ ਦੁਕਾਨਦਾਰਾਂ ਵੱਲੋਂ ਦੁਕਾਨਾਂ ਅੱਗੇ ਰੱਖਿਆ ਸਾਮਾਨ ਚੁਕਵਾਇਆ ਗਿਆ ਤਾਂ ਕਿ ਆਵਾਜਾਈ ’ਚ ਸਮੱਸਿਆ ਨਾ ਆਵੇ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਸਥਾਨਕ ਸਰਕਾਰੀ ਐਮਆਰ ਕਾਲਜ ਰੋਡ ’ਤੇ ਸਥਿਤ ਮੁਲਤਾਨੀ ਚੁੰਗੀ ’ਤੇ ਪੰਜਾਬ ਪੁਲੀਸ ਅਤੇ ਬੀਐਸਐਫ ਦੀਆਂ ਗੱਡੀਆਂ ਆ ਕੇ ਰੁਕੀਆਂ। ਦੇਖਦੇ ਹੀ ਦੇਖਦੇ ਦੋਵਾਂ ਫੋਰਸਾਂ ਦੇ ਦੋ ਦਰਜਨ ਤੋਂ ਵੱਧ ਜਵਾਨਾਂ ਨੇ ਪੂਰੇ ਚੌਕ ’ਤੇ ਨਾਕਾਬੰਦੀ ਕਰ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਨਾਲ ਹੀ ਇਹ ਵੀ ਯਕੀਨੀ ਬਣਾਇਆ ਗਿਆ ਕਿ ਆਵਾਜਾਈ ’ਚ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਲਈ ਪੁਲੀਸ ਅਤੇ ਬੀਐਸਐਫ ਦੇ ਜਵਾਨ ਟ੍ਰੈਫਿਕ ਨੂੰ ਵੀ ਸੁਚਾਰੂ ਰੂਪ ਨਾਲ ਚਲਾਉਂਦੇ ਨਜ਼ਰ ਆਏ। ਉਸ ਤੋਂ ਬਾਅਦ ਪੈਦਲ ਮਾਰਚ ਕਰਦੇ ਹੋਏ ਪੁਲੀਸ ਅਤੇ ਬੀਐਸਐਫ ਦੇ ਜਵਾਨ ਸਥਾਨਕ ਗਾਂਧੀ ਚੌਕ ’ਤੇ ਪਹੁੰਚੇ।
ਇਸ ਸਬੰਧੀ ਮੌਕੇ ’ਤੇ ਹਾਜ਼ਰ ਡੀਐਸਪੀ ਜੋਰਾ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਹਾਲਾਤ ਵਿਗੜ ਰਹੇ ਹਨ, ਉਸ ਦੇ ਮੱਦੇਨਜ਼ਰ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣ ਲਈ ਪੁਲੀਸ ਨੇ ਬੀਐਸਐਫ ਨਾਲ ਮਿਲ ਕੇ ਸਾਂਝੇ ਤੌਰ ’ਤੇ ਇਹ ਅਭਿਆਨ ਚਲਾਇਆ ਹੈ। ਉਨ੍ਹਾਂ ਕਿਹਾ ਕਿ ਫਲੈਗ ਮਾਰਚ ਕੱਢਿਆ ਗਿਆ ਹੈ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਸ਼ਹਿਰ ’ਚ ਸ਼ਰਾਰਤੀ ਅਨਸਰ ਸਿਰ ਨਾ ਚੁੱਕ ਸਕਣ।
ਇਸ ਮੌਕੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਸ਼ਨ ਜਸੂਜਾ ਨੇ ਪੁਲੀਸ ਅਤੇ ਬੀਐਸਐਫ ਵੱਲੋਂ ਚਲਾਏ ਜਾ ਰਹੇ ਇਸ ਅਭਿਆਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਅਭਿਆਨ ਨਾਲ ਇਲਾਕਾ ਵਾਸੀਆਂ ਨੂੰ ਕੋਈ ਸਮੱਸਿਆ ਨਹੀਂ ਆਵੇਗੀ।