ਜੋਗਿੰਦਰ ਸਿੰਘ ਮਾਨ
ਮਾਨਸਾ, 17 ਅਗਸਤ
ਮਾਨਸਾ ਜ਼ਿਲ੍ਹੇ ਦੇ ਕਸਬਾ ਜੋਗਾ ਵਿਖੇ ਆਟਾ-ਦਾਲ ਯੋਜਨਾ ਵਾਲੇ 228 ਨੀਲੇ ਕਾਰਡ ਕੱਟਣ ਦੇ ਵਿਰੋਧ ਵਿੱਚ ਨਗਰ ਪੰਚਾਇਤ ਦੇ ਪ੍ਰਧਾਨ ਸਮੇਤ ਹੋਰ ਮੈਂਬਰਾਂ ਵੱਲੋਂ ਅੱਜ ਮਾਨਸਾ ਵਿਖੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਦੇ ਦਫ਼ਤਰ ਸਾਹਮਣੇ ਧਰਨਾ ਲਾਇਆ ਗਿਆ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਉਹ ਪਿੰਡ ਦੇ ਵੋਟਾਂ ਰਾਹੀਂ ਚੁਣੇ ਹੋਏ ਪ੍ਰਤੀਨਿਧ ਹਨ, ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਿਨਾਂ ਭਰੋਸੇ ਵਿੱਚ ਲਿਆ ਲੋੜਵੰਦ 228 ਪਰਿਵਾਰਾਂ ਦੇ ਨੀਲੇ ਕਾਰਡ ਕੱਟ ਧਰੇ ਹਨ, ਜੋ ਕਿ ਸਰਾਸਰ ਅਣਗਹਿਲੀ ਹੈ। ਦਿਲਚਸਪ ਗੱਲ ਹੈ ਕਿ ਨਗਰ ਪੰਚਾਇਤ ਜੋਗਾ ਪੰਜਾਬ ਦੀ ਪਹਿਲੀ ਸੀਪੀਆਈ ਦੀ ਅਗਵਾਈ ਵਾਲੀ ਪੰਚਾਇਤ ਹੈ, ਜਿਸ ਦੇ 13 ਮੈਂਬਰਾਂ ’ਚੋਂ 12 ਮੈਂਬਰ ਵੋਟਾਂ ਦੌਰਾਨ ਜਿੱਤੇ ਸਨ।
ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ 228 ਨੀਲੇ ਕਾਰਡ ਧਾਰਕ ਨਗਰ ਪੰਚਾਇਤ ਦੇ ਕੋਲ ਕਾਰਡ ਕੱਟੇ ਜਾਣ ਨੂੰ ਲੈਕੇ ਆਪਣਾ ਰੋਣਾ ਰੋ ਰਹੇ ਹਨ, ਪਰ ਉਹ ਵਾਰ-ਵਾਰ ਫੂਡ ਸਪਲਾਈ ਵਿਭਾਗ ਨੂੰ ਇਸ ਮਾਮਲੇ ਸਬੰਧੀ ਜਾਣੂ ਕਰਵਾ ਰਹੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸੇ ਦੌਰਾਨ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਆਨ-ਲਾਈਨ ਪੋਰਟਲ ਬੰਦ ਹੈ ਅਤੇ ਪੋਰਟਲ ਖੁੱਲ੍ਹਦੇ ਹੀ ਜਾਇਜ਼ ਕਾਰਡ ਬਣਾ ਕੇ ਦਿੱਤੇ ਜਾਣਗੇ।