ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 6 ਜੁਲਾਈ
ਸਰਹੱਦੀ ਖੇਤਰ ਦੇ ਪਿੰਡ ਜੋਧਾ ਭੈਣੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਗੇਟ ਅੱਗੇ ਨਿਕਾਸੀ ਨਾ ਹੋਣ ਕਾਰਨ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਪਾਣੀ ਜਮ੍ਹਾਂ ਹੋ ਗਿਆ ਹੈ। ਇਸ ਕਾਰਨ ਸਕੂਲ ਦੀ ਇਕ ਦੀਵਾਰ ਡਿੱਗ ਪਈ ਹੈ। ਇਸ ਸਬੰਧੀ ਸਕੂਲ ਦੇ ਅਧਿਆਪਕ ਸੁਖਮੰਦਰ ਸਿੰਘ, ਪ੍ਰੇਮ ਸਿੰਘ ਅਤੇ ਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ’ਚ ਗੰਦੇ ਪਾਣੀ ਦਾ ਨਿਕਾਸ ਨਹੀਂ ਹੈ। ਇਸ ਕਾਰਨ ਸਾਰੇ ਪਿੰਡ ਦਾ ਪਾਣੀ ਸਕੂਲ ਦੇ ਗੇਟ ਮੂਹਰੇ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਸਕੂਲ ਅੰਦਰ ਦਾਖਲ ਹੋਣ ਵਾਲੇ ਕਾਫੀ ਮੁਸ਼ਕਲ ਆਉਂਦੀ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਅਤੇ ਪੰਚਾਇਤ ਨੂੰ ਮਿਲ ਕੇ ਮੁਸ਼ਕਲ ਦੱਸੀ ਗਈ ਹੈ ਪਰ ਅਜੇ ਤੱਕ ਇਸਦਾ ਕੋਈ ਵੀ ਹੱਲ ਨਹੀਂ ਹੋਇਆ। ਬ
ਪਿੰਡ ਵਾਸੀ ਸੱਜਣ ਸਿੰਘ, ਮਨਜੀਤ ਸਿੰਘ, ਲੱਖਾ ਸਿੰਘ, ਰਾਣਾ ਸਿੰਘ, ਸੋਨਾ ਸਿੰਘ ਤੇ ਪਿਆਰ ਸਿੰਘ ਆਦਿ ਨੇ ਦੱਸਿਆ ਕਿ ਸਕੂਲ ਡਿਊਟੀ ’ਤੇ ਆ ਰਹੇ ਅਧਿਆਪਕਾਂ ਨੂੰ ਵੀ ਗੰਦੇ ਪਾਣੀ ’ਚ ਲੰਘਣਾ ਪੈਂਦਾ ਹੈ ਅਤੇ ਗੰਦਾ ਪਾਣੀ ਬੀਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ। ਬੱਚਿਆਂ ਦੇ ਮਾਤਾ-ਪਿਤਾ, ਸਕੂਲ ਅਧਿਆਪਕ ਅਤੇ ਐਸਐਮਸੀ ਕਮੇਟੀ ਵਲੋਂ ਸਬੰਧਤ ਵਿਭਾਗ ਤੇ ਪ੍ਰਸ਼ਾਸਨ ਤੋਂ ਪਿੰਡ ਦੀ ਨਿਕਾਸੀ ਦਾ ਠੀਕ ਪ੍ਰਬੰਧ ਕਰਨ ਦੀ ਮੰਗ ਕੀਤੀ।