ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 13 ਸਤੰਬਰ
ਇੱਥੋਂ ਦੇ ਮੁੱਖ ਖੇਤੀਬਾੜੀ ਦਫਤਰ ਵਿੱਚ ਹਾਲਾਤ ਉਸ ਵੇਲੇ ਚਿੰਤਾਜਨਕ ਬਣ ਗਏ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਦਫਤਰ ਨੂੰ ਜਿੰਦਰਾ ਜੜਦਿਆਂ ਰੋਸ ਮੁਜ਼ਾਹਰਾ ਕਰਨਾ ਸ਼ੁਰੂ ਕਰ ਦਿੱਤਾ| ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸੁਖਦੇਵ ਸਿੰਘ ਬੂੜਾ ਗੁੱਜਰ ਨੇ ਦੱਸਿਆ ਕਿ ਖੇਤੀਬਾੜੀ ਵਿਕਾਸ ਅਫਸਰ (ਏਡੀਓ) ਸੰਦੀਪ ਬਹਿਲ ਨੂੰ ਸੈਂਪਲਾਂ ਦੀ ਚੈਕਿੰਗ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਹੇਠ ਮਹਿਕਮੇ ਨੇ ਮੁਅੱਤਲ ਕੀਤਾ ਹੋਇਆ ਹੈ ਅਤੇ ਕਥਿਤ ਤੌਰ ’ਤੇ ਜਾਅਲੀ ਜੱਜ ਬਣਕੇ ਡਰਾਉਣ ਧਮਕਾਉਣ ਦੇ ਦੋਸ਼ਾਂ ਹੇਠ ਤਿੰਨ ਮਹੀਨੇ ਪਹਿਲਾਂ ਥਾਣਾ ਸਿਟੀ ਵਿੱਚ ਵੀ ਕੇਸ ਦਰਜ ਹੈ। ਕਿਸਾਨਾਂ ਅਨੁਸਾਰ ਅਜੇ ਤੱਕ ਇਸ ਅਧਿਕਾਰੀ ਨੂੰ ਗ੍ਰਿਫਤਾਰੀ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਇਸ ਅਧਿਕਾਰੀ ਨੂੰ ਕਥਿਤ ਤੌਰ ’ਤੇ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜੋ ਕਿ ਕਿਸਾਨਾਂ ਅਤੇ ਵਿਭਾਗ ਲਈ ਨੁਕਸਾਨਦੇਹ ਹੈ| ਉਨ੍ਹਾਂ ਮੰਗ ਕੀਤੀ ਕਿ ਇਸ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ।
ਏਡੀਓ ਖ਼ਿਲਾਫ਼ ਵਿਭਾਗੀ ਕਾਰਵਾਈ ਜਾਰੀ: ਮੁੱਖ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਏਡੀਓ ਸੰਦੀਪ ਬਹਿਲ ਵੱਲੋਂ ਸੈਂਪਲਾਂ ਵਿੱਚ ਹੇਰਾਫੇਰੀਆਂ ਕਰਨ ਦੇ ਮਾਮਲੇ ਵਿੱਚ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਜਨਤਕ ਲੋਕਾਂ ਨਾਲ ਹੇਰਾਫੇਰੀਆਂ ਕਰਨ ਦੇ ਮਾਮਲੇ ’ਚ ਕੇਸ ਦਰਜ ਹੈ| ਇਸ ਸਬੰਧੀ ਵਿਭਾਗ ਕਾਰਵਾਈ ਕਰ ਰਿਹਾ ਹੈ|