ਅਮਿਤ ਕੁਮਾਰ
ਬੁਢਲਾਡਾ, 13 ਸਤੰਬਰ
ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਹਲਕਾ ਵਿਧਾਇਕ ਬੁੱਧ ਰਾਮ ਨੇ ਸ਼ਹਿਰ ’ਚ 6 ਜਿਮ ਸਥਾਪਤ ਕਰਨ ਲਈ ਆਈ ਗ੍ਰਾਂਟ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ 2016 ’ਚ ਜਿਮ ਸਥਾਪਤ ਕਰਨ ਲਈ ਭੇਜੀ ਗਈ ਗਰਾਂਟ ਦੀ ਵਰਤੋਂ ਤਿੰਨ ਸਾਲ ਤੱਕ ਨਾ ਕਰਨੀ ਮਾਮਲਾ ਸ਼ੱਕ ਦੇ ਘੇਰੇ ’ਚ ਹੈ। ਉਨ੍ਹਾਂ ਕਿਹਾ ਸ਼ਹਿਰ ਦੇ ਵਿਕਾਸ ਲਈ ਆਉਣ ਵਾਲੀ ਹਰ ਗ੍ਰਾਂਟ ਦੀ ਸਹੀ ਵਰਤੋਂ ਹੋਵੇ ਇਸ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਐਸਡੀਐਮ ਬੁਢਲਾਡਾ ਅਤੇ ਨਗਰ ਕੌਂਸਲ ਦੇ ਈਓ ਦੀ ਜ਼ਿਮੇਵਾਰੀ ਬਣਦੀ ਹੈ। ਵਰਤੀ ਜਾਣ ਵਾਲੀ ਹਰ ਗ੍ਰਾਂਟ ਲਈ ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗ ਨੂੰ ਗ੍ਰਾਂਟ ਵਰਤੋਂ ਦਾ ਸਰਟੀਫਿਕੇਟ ਭੇਜਣਾ ਹੁੰਦਾ ਹੈ। ਗ੍ਰਾਂਟ ਵਰਤੋਂ ਦਾ ਸਰਟੀਫਿਕੇਟ ਕਿਵੇਂ ਵਿਭਾਗ ਤੱਕ ਪਹੁੰਚਿਆ ਇਹ ਮਾਮਲਾ ਵੀ ਸ਼ੱਕੀ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਸੂਚਨਾ ਅਧਿਕਾਰ ਅਧੀਨ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਖੁਦ ਦੇ ਵਾਰਡ ਨੰਬਰ 5 ’ਚ ਜਿਮ ਸਥਾਪਤ ਕਰਨ ਦੀ ਸੂਚਨਾ ਦਿੱਤੀ ਗਈ ਹੈ ਪਰ ਅਸਲੀਅਤ ਇਹ ਹੈ ਕਿ ਉਨ੍ਹਾਂ ਦੇ ਵਾਰਡ ’ਚ ਕਿਧਰੇ ਵੀ ਜਿਮ ਸਥਾਪਤ ਨਹੀਂ ਹੋਇਆ। ਉਨ੍ਹਾਂ ਐਸਡੀਐਮ ਬੁਢਲਾਡਾ ਤੋਂ ਮੰਗ ਕੀਤੀ ਉਹ ਖੁੁਦ ਨਿੱਜੀ ਦਿਲਚਸਪੀ ਲੈ ਕੇ ਸਾਰੇ ਮਾਮਲੇ ਦੀ ਜਾਂਚ ਕਰਕੇ ਸ਼ਹਿਰ ਵਾਸੀਆਂ ਨੂੰ ਇਨਸਾਫ਼ ਦੇਣ। ਜੇਕਰ ਇਨਸਾਫ਼ ਨਹੀਂ ਮਿਲਦਾ ਤਾਂ ਇਸ ਮਾਮਲੇ ਨੂੰ ਸਬੰਧਿਤ ਵਿਭਾਗ ਦੇ ਮੰਤਰੀ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਵਾਂਗੇ। ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਉਹ ਇਸ ਘਪਲੇ ਦੇ ਮੁੱਦੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਵੀ ਉਠਾਉਣਗੇ। ਗ੍ਰਾਂਟ ਵਰਤੋਂ ਦੇ ਸਰਟੀਫਿਕੇਟ ਸਬੰਧਿਤ ਵਿਭਾਗ ਕੋਲ ਜਮ੍ਹਾਂ ਨਾ ਕਰਵਾਉਣਾ ਨਿਯਮਾਂ ਦੀ ਉਲੰਘਣਾ ਹੈ। ਨਗਰ ਸੁਧਾਰ ਸਭਾ ਦੇ ਚੇਅਰਮੈਨ ਸੱਤਪਾਲ ਸਿੰਘ ਕਟੋਦੀਆ ਨੇ ਕਿਹਾ ਨਗਰ ਕੌਂਸਲ ’ਚ ਹੋਏ ਘਪਲਿਆਂ ਦੀ ਜਾਂਚ ਲਈ ਜ਼ਰੂਰੀ ਹੈ ਮੌਜੂਦਾ ਈਓ ਨੂੰ ਬਦਲਿਆ ਜਾਵੇ। ਜਿਮ ਘਪਲਾ ਸਭਾ ਵੱਲੋਂ ਲਗਾਤਾਰ ਭ੍ਰਿਸ਼ਟਾਚਾਰ ਵਿਰੁੱਧ ਉਠਾਈ ਜਾ ਰਹੀ ਆਵਾਜ਼ ਦੀ ਪ੍ਰੋੜ੍ਹਤਾ ਅਤੇ ਨਿਸ਼ਾਨਦੇਹੀ ਕਰਦਾ ਹੈ।