ਮਨੋਜ ਸ਼ਰਮਾ
ਬਠਿੰਡਾ, 9 ਅਕਤੂਬਰ
ਗੋਨਿਆਣਾ ਸਥਿਤ ਲੱਖੀ ਜਵੈਲਰਜ਼ ’ਤੇ 25 ਸਤੰਬਰ ਨੂੰ ਪਏ ਡਾਕੇ ਦੀ ਗੁੱਥੀ ਪੁਲੀਸ ਨੇ ਸੁਲਝਾ ਲਈ ਹੈ। ਇਸ ਮਾਮਲੇ ਦੇ ਤਿੰਨ ਮੁਲਜ਼ਮ ਪੁਲੀਸ ਨੇ ਗ੍ਰਿਫ਼ਤਾਰ ਕਰ ਲਏ ਹਨ ਜਦ ਕਿ ਤਿੰਨ ਮੁਲਜ਼ਮ ਅਜੇ ਤੱਕ ਪੁਲੀਸ ਦੀ ਗ੍ਰਿਫ਼ਤ ਤੋਂ ਦੂਰ ਹਨ।
ਇਹ ਖੁਲਾਸਾ ਅੱਜ ਇੱਥੇ ਬਠਿੰਡਾ ਰੇਂਜ ਦੇ ਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਇੰਦਰਜੀਤ ਸਿੰਘ ਵਾਸੀ ਪੰਜਗਰਾਈਂ ਕਲਾਂ, ਗੁਰਤੇਜ ਸਿੰਘ ਵਾਸੀ ਕੋਠੇ ਸਰਾਵਾਂ ਅਤੇ ਜਸਵਿੰਦਰ ਸਿੰਘ ਉਰਫ਼ ਭੋਲਾ ਵਾਸੀ ਰੋਮਾਣਾ ਅਲਬੇਲ ਸਿੰਘ ਹਨ। ਵਾਰਦਾਤ ’ਚ ਇਨ੍ਹਾਂ ਦੇ ਹੀ ਸਾਥੀ ਆਲਮਜੀਤ ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ, ਜਗਜੀਤ ਸਿੰਘ ਉਰਫ਼ ਜੱਗਾ ਵਾਸੀ ਕੋਠੇ ਸਰਾਵਾਂ ਅਤੇ ਰੇਸ਼ਮ ਸਿੰਘ ਵਾਸੀ ਕੋਠੇ ਸਰਾਵਾਂ ਅਜੇ ਤੱਕ ਪੁਲੀਸ ਦੇ ਹੱਥ ਨਹੀਂ ਲੱਗ ਸਕੇ।
ਦੱਸਣ ਮੁਤਾਬਿਕ ਮੁਲਜ਼ਮਾਂ ਕੋਲੋਂ ਇਕ ਬਰੀਜ਼ਾ ਕਾਰ, 707.540 ਮਿਲੀਗ੍ਰਾਮ ਸੋਨੇ ਦੇ ਗਹਿਣੇ, 2.481.040 ਮਿਲੀਗ੍ਰਾਮ ਚਾਂਦੀ ਦੇ ਗਹਿਣੇ ਅਤੇ ਇਕ ਰਿਵਾਲਵਰ .22 ਬਰਾਮਦ ਕੀਤੇ ਗਏ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੋਨਿਆਣਾ ਮੰਡੀ ’ਚ ਹੋਈ ਇਸ ਲੁੱਟ ਦੌਰਾਨ ਇਹ ਮੁਲਜ਼ਮ 1.840 ਗ੍ਰਾਮ ਸੋਨੇ ਅਤੇ 5 ਕਿਲੋ ਚਾਂਦੇ ਦੇ ਗਹਿਣਿਆਂ ਤੋਂ ਇਲਾਵਾ 1,20,000 ਰੁਪਏ ਲੁੱਟ ਕੇ ਲੈ ਗਏ ਸਨ।
ਉਨ੍ਹਾਂ ਦੱਸਿਆ ਕਿ ਪੁਲੀਸ ਗ੍ਰਿਫ਼ਤ ਤੋਂ ਬਾਹਰ ਤਿੰਨਾਂ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਫੜੇ ਗਏ ਲੁਟੇਰਿਆਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਸ ਦੌਰਾਨ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਕਰਤਾਰ ਸਿੰਘ ਦਿਓੜਾ ਨੇ ਇਸ ਕਾਰਵਾਈ ਲਈ ਪੁਲੀਸ ਦਾ ਧੰਨਵਾਦ ਕੀਤਾ ਹੈ।