ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 4 ਅਗਸਤ
ਇੱਥੇ ਵਿਜੀਲੈਂਸ ਬਿਊਰੋ ਨੇ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਵਿੱਚ ਮਨਰੇਗਾ ਵਿੱਚ ਤਾਇਨਾਤ ਜੇਈ ਸੁਵਰਸ਼ਾ ਨੂੰ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਸੁਖਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਸ ਨੇ ਪਿੰਡ ਚੱਕ ਰੋੜਾਂਵਾਲੀ ਦੀ ਪੰਚਾਇਤੀ ਜ਼ਮੀਨ ’ਤੇ ਸਰਕਾਰੀ ਸਕੀਮ ਅਧੀਨ ਜੰਗਲ ਲਗਾਇਆ ਹੈ ਪਰ ਜੇਈ ਸੁਵਰਸ਼ਾ ਨੇ ਉਸ ਜ਼ਮੀਨ ਦੀ ਮਿਣਤੀ ਤੋਂ ਬਾਅਦ ਭੁਗਤਾਨ ਲਈ ਕੇਸ ਭੇਜਣ ਬਦਲੇ 50,000 ਰੁਪਏ ਦੀ ਰਿਸ਼ਵਤ ਮੰਗ ਰਹੀ ਹੈ। ਗੱਲਬਾਤ ਤੋਂ ਬਾਅਦ ਦੋ ਕਿਸ਼ਤਾਂ ਵਿੱਚ 45,000 ਰੁਪਏ ਦੇਣ ਲਈ ਸੌਦਾ ਤੈਅ ਹੋਇਆ ਹੈ। ਵਿਜੀਲੈਂਸ ਬਿਊਰੋ ਦੀ ਟੀਮ ਨੇ ਜੇਈ ਸੁਵਰਸ਼ਾ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜ਼ਪੁਰ ਵਿੱਚ ਕੇਸ ਦਰਜ ਕੀਤਾ ਹੈ।