ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 21 ਜੂਨ
ਜੇਸੀਬੀ ਯੂਨੀਅਨ ਅਤੇ ਟਰੈਕਟਰ ਟਰਾਲਾ ਯੂਨੀਅਨ ਵੱਲੋਂ ਪਥਰਾਲਾ ਪੁਲੀਸ ਚੌਕੀ ਦੇ ਅੱਗੇ ਪਿਛਲੇ ਦਿਨੀ ਕਿਸੇ ਕਿਸਾਨ ਦੀ ਜ਼ਮੀਨ ਪੱਧਰ ਕਰਨ ਗਈ ਜੇਸੀਬੀ ਮਸ਼ੀਨ ਅਤੇ ਟ੍ਰੈਕਟਰ ਟਰਾਲੇ ਉੱਪਰ ਮਾਈਨਿੰਗ ਐਕਟ ਤਹਿਤ ਪਰਚਾ ਦਰਜ ਕਰਨ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਜੇਸੀਬੀ ਅਪਰੇਟਰਾਂ ਅਤੇ ਟ੍ਰੈਕਟਰ ਟਰਾਲਿਆਂ ਦੇ ਮਾਲਕਾਂ ਵੱਲੋਂ ਪੁਲੀਸ ਚੌਕੀ ਪਥਰਾਲਾ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜੇਸੀਬੀ ਯੂਨੀਅਨ ਬਠਿੰਡਾ ਦੇ ਪ੍ਰਧਾਨ ਭਜਨ ਲਾਲ ਨੇ ਦੱਸਿਆ ਕਿ ਲੰਘੀ 10 ਜੂਨ ਨੂੰ ਪਿੰਡ ਜੱਸੀ ਬਾਗ ਵਾਲੀ ਵਿੱਚ ਜਲੌਰ ਸਿੰਘ ਦੀ ਜੇਸੀਬੀ ਕਰਮਜੀਤ ਸਿੰਘ ਪੁੱਤਰ ਕਰਨੈਲ ਸਿੰਘ ਦੇ ਖੇਤ ਨੂੰ ਪੱਧਰਾ ਕਰਨ ’ਤੇ ਲੱਗੀ ਹੋਈ ਸੀ ਪਰ ਮਾਈਨਿੰਗ ਵਿਭਾਗ ਦੇ ਐੱਸਡੀਓ ਵੱਲੋਂ ਆ ਕੇ ਮਸ਼ੀਨ ਮਾਲਕ, ਜ਼ਮੀਨ ਮਾਲਕ ਉੱਪਰ ਪਰਚਾ ਕੱਟਿਆ ਗਿਆ। ਮਾਈਨਿੰਗ ਤਹਿਤ ਇਹ ਪਰਚਾ ਸਿਆਸੀ ਤੌਰ ’ਤੇ ਕੱਟਿਆ ਗਿਆ। ਉਨ੍ਹਾਂ ਕਿਹਾ ਕਿ ਪਿਛਲੀ 10 ਤਰੀਕ ਤੋਂ ਉਨ੍ਹਾਂ ਦੀਆਂ ਮਸ਼ੀਨਾਂ ਦਾਣਾ ਮੰਡੀ ਪਥਰਾਲਾ ਚੌਕੀ ਅੱਗੇ ਖੜ੍ਹੀਆਂ ਹਨ ਅਤੇ ਸਾਰੀਆਂ ਮਸ਼ੀਨਾਂ ਲੋਨ ਉੱਪਰ ਖਰੀਦੀਆਂ ਹੋਈਆਂ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜ਼ਮੀਨ ਮਾਲਕ, ਜੇ.ਸੀ.ਬੀ ਅਤੇ ਟਰੈਕਟਰ ਟਰਾਲੇ ਉੱਪਰ ਕੀਤਾ ਪਰਚਾ ਰੱਦ ਕੀਤਾ ਜਾਵੇ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 23 ਤਰੀਕ ਨੂੰ ਮਸ਼ੀਨਾਂ ਅਤੇ ਟਰੈਕਟਰ ਟਰਾਲਿਆਂ ਦਾ ਕਾਫਲਾ ਬਠਿੰਡਾ ਪਹੁੰਚੇਗਾ ਤੇ ਬਠਿੰਡਾ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ।