ਖੇਤਰੀ ਪ੍ਰਤੀਨਿਧ
ਬਰਨਾਲਾ, 31 ਅਗਸਤ
ਲੋਕ ਸਭਾ ਚੋਣਾਂ 2024 ਵਿੱਚ ਬਿਹਤਰ ਪ੍ਰਦਰਸ਼ਨ ਹਿੱਤ ਬਸਪਾ ਵੱਲੋਂ ਇੱਥੇ ਤਰਕਸ਼ੀਲ ਭਵਨ ਵਿੱਚ ਜ਼ਿਲ੍ਹਾ ਬਰਨਾਲਾ ਪ੍ਰਧਾਨ ਮੇਵਾ ਸਿੰਘ ਧਨੌਲਾ ਦੀ ਅਗਵਾਈ ਵਿੱਚ ਪਾਰਟੀ ਕੇਡਰ ਕੈਂਪ ਲਗਾਇਆ ਗਿਆ, ਜਿਸ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਸਵੀਰ ਸਿੰਘ ਗੜ੍ਹੀ ਕਿਹਾ ਕਿ ਬਸਪਾ ਨੂੰ ਦੇਸ਼ ਦੀ ਹੁਕਮਰਾਨ ਤੇ ਮਜ਼ਬੂਤ ਪਾਰਟੀ ਬਣਾਉਣ ਲਈ ਅਜੇ ਸਖ਼ਤ ਮਿਹਨਤ ਦੀ ਲੋੜ ਹੈ। ਉਨ੍ਹਾਂ ਆਗਾਮੀ ਲੋਕ ਸਭਾ ਚੋਣਾਂ ਮੌਕੇ ਆਪਸੀ ਇੱਕਜੁਟਤਾ ਨਾਲ ਕੇਂਦਰੀ ਸੱਤਾ ‘ਤੇ ਕਾਬਜ਼ ਤਾਕਤਾਂ ਨੂੰ ਭਾਂਜ ਦੇ ਕੇ ਆਰਥਿਕ ਤੇ ਸਮਾਜਿਕ ਪਰਿਵਰਤਨ ਦੀ ਨੀਂਹ ਰੱਖਣ ਦਾ ਸੱਦਾ ਦਿੱਤਾ।