ਪੱਤਰ ਪ੍ਰੇਰਕ
ਤਪਾ ਮੰਡੀ, 18 ਜੁਲਾਈ
ਬੀਤੇ ਦਿਨੀਂ ਇਕ ਸੜਕ ਹਾਦਸੇ ’ਚ ਅਰੁਣਾਚਲ ਪ੍ਰਦੇਸ਼ ਵਿੱਚ ਫ਼ੌਤ ਹੋਏ ਤਪਾ ਦੇ ਨਜ਼ਦੀਕੀ ਪਿੰਡ ਢਿਲਵਾਂ ਦੇ ਫ਼ੌਜੀ ਜਵਾਨ ਜਸਮਨ ਸਿੰਘ ਪੁੱਤਰ ਅਵਤਾਰ ਸਿੰਘ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਉਸ ਦੇ ਜੱਦੀ ਪਿੰਡ ਢਿਲਵਾਂ ਵਿੱਚ ਕੀਤਾ ਗਿਆ। ਇਸ ਮੌਕੇ ਸਲਾਮੀ ਦੇਣ ਲਈ ਉਸ ਦੀ ਯੂਨਿਟ ਦੇ ਜਵਾਨ ਨਾਇਕ ਕੇ. ਰਾਜਾ ਸ਼ੇਖਰ, ਸੂਬੇਦਾਰ ਅਨਿਲ ਕੁਮਾਰ ਤੇ ਮੱਖਣ ਸਿੰਘ ਆਦਿ ਉੱਚ ਅਫ਼ਸਰ ਆਪਣਾ ਸਲਾਮੀ ਦਸਤਾ ਲੈ ਕੇ ਪੁੱਜੇ। ਇਸ ਦੁੱਖ ਦੀ ਘੜੀ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕਰ ਕੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ। ਸਸਕਾਰ ਮੌਕੇ ਨਮਨ ਕਰਦਿਆਂ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ, ਡੀ.ਸੀ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਨੌਜਵਾਨ ਜਸਮਨ ਸਿੰਘ ਅੱਜ ਦੇ ਨੌਜਵਾਨ ਵਰਗ ਦਾ ਨਾਇਕ ਹੈ ਤੇ ਨੌਜਵਾਨ ਪੀੜ੍ਹੀ ਨੂੰ ਜਸਮਨ ਸਿੰਘ ਦੀ ਸੋਚ ਦੇ ਧਾਰਨੀ ਬਣਾ ਕੇ ਉਨ੍ਹਾਂ ਦੀ ਤਾਕਤ ਨੂੰ ਸਹੀ ਤੇ ਉੱਚਿਤ ਰਸਤੇ ’ਤੇ ਲਿਆਉਣ ਦੀ ਲੋੜ ਹੈ। ਇਸ ਮੌਕੇ ਐੱਸਡੀਐਮ ਵਰਜੀਤ ਵਾਲੀਆ, ਡੀਐੱਸਪੀ ਬਲਜੀਤ ਸਿੰਘ ਬਰਾੜ, ਮਾਰਕੀਟ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਭੂਤ, ਥਾਣਾ ਮੁਖੀ ਜਗਜੀਤ ਸਿੰਘ ਘੁਮਾਣ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।