ਜੋਗਿੰਦਰ ਸਿੰਘ ਮਾਨ
ਮਾਨਸਾ, 29 ਅਗਸਤ
ਇਥੋਂ ਦੇ ਗਾਂਧੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਪ੍ਰਾਇਮਰੀ ਵਿੰਗ) ਵੱਲੋ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੇ ਸ੍ਰੀ ਕ੍ਰਿਸ਼ਨ ਜਨਮ, ਸੁਦਾਮਾ-ਕ੍ਰਿਸ਼ਨ ਦੀ ਦੋਸਤੀ, ਗੋਪੀਆ ਦਾ ਯਸ਼ੋਦਾ ਮਾਂ ਨੂੰ ਸ੍ਰੀ ਕ੍ਰਿਸ਼ਨ ਦੀ ਮੱਖਣ ਚੋਰੀ ਬਾਰੇ ਦੱਸਦੇ ਹੋਏ ਬਹੁਤ ਸਾਰੀਆਂ ਵੰਨਗੀਆਂ ਅਤੇ ਡਾਂਸ ਰਾਹੀਂ ਕ੍ਰਿਸ਼ਨਾ- ਬਾਲ ਲੀਲਾ ਨੂੰ ਪੇਸ਼ ਕੀਤਾ। ਸਕੂਲ ਦੇ ਪ੍ਰਿੰਸੀਪਲ ਰਿੰਪਲ ਮੋਂਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਤੋਂ ਸਾਨੂੰ ਚੰਗੀਆਂ ਸਿਖਿਆਵਾਂ ਮਿਲਦੀਆਂ ਹਨ, ਜਿਵੇ ਉਨ੍ਹਾਂ ਪਾਡਵਾਂ ਦਾ ਸਾਥ ਦਿੱਤਾ, ਜੋ ਸੱਚਾਈ ਦੇ ਮਾਰਗ ’ਤੇ ਚੱਲਦੇ ਸਨ ਅਤੇ ਉਨ੍ਹਾਂ ਨੂੰ ਜਿੱਤ ਦਵਾਈ। ਉਨ੍ਹਾਂ ਦੱਸਿਆ ਕਿ ਕਈ ਗਾਥਾਵਾਂ ਪੜ੍ਹਨ ਨੂੰ ਮਿਲਦੀਆਂ ਹਨ, ਜਿਨ੍ਹਾਂ ਤੋਂ ਸਿੱਖਿਆ ਲੈ ਕੇ ਸਹੀ ਮਾਰਗ ਮਿਲਦਾ ਹੈ। ਇਸ ਮੌਕੇ ਸੰਮੀ ਖਾਨ, ਮੰਜੂ, ਇੰਦੂ ਬਾਲਾ, ਜਸਵੀਰ ਕੌਰ, ਅੰਜੂ, ਕੁਲਦੀਪ ਕੌਰ ਨੇ ਵੀ ਸੰਬੋਧਨ ਕੀਤਾ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਲਿਟਲ ਫਰੂਟ ਪ੍ਰਿੰਟਸ ਪਲੇਅ ਵੇਅ ਸਕੂਲ ਵਿੱਚ ਜਨਮ ਅਸ਼ਟਮੀ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਬੱਚਿਆਂ ਨੇ ਕ੍ਰਿਸ਼ਨ, ਰਾਧਾ ਅਤੇ ਸੁਦਾਮਾ ਦੀਆਂ ਵੱਖ ਸੁੰਦਰ ਝਾਕੀਆਂ ਪੇਸ਼ ਕੀਤੀਆਂ। ਫੈਂਸੀ ਡਰੈੱਸ ਮੁਕਾਬਲੇ ਵਿੱਚ ਬੇਨਿਸ਼ਾ ਨੇ ਪਹਿਲਾ, ਵੰਸ਼ਵ ਨੇ ਦੂਜਾ ਅਤੇ ਆਰਾਧਿਆ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਸੰਚਾਲਕ ਮਮਤਾ ਮਿੱਤਲ ਅਤੇ ਪ੍ਰਵੀਨ ਮਿੱਤਲ ਨੇ ਜੇਤੂਆਂ ਦਾ ਸਨਮਾਨ ਕੀਤਾ।
ਤਪਾ ਮੰਡੀ (ਪੱਤਰ ਪ੍ਰੇਰਕ): ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਪਾ ਵਿੱਚ ਜਨਮ ਅਸ਼ਟਮੀ ਉਤਸ਼ਾਹ ਨਾਲ ਮਨਾਈ ਗਈ। ਸਕੂਲ ਦੇ ਪ੍ਰਿੰਸੀਪਲ ਅਜੈ ਸ਼ਰਮਾ ਨੇ ਕ੍ਰਿਸ਼ਨ ਜੀ ਦਾ ਝੂਲਾ ਸਥਾਪਿਤ ਕੀਤਾ। ਇਸ ਦੌਰਾਨ ਬਾਰ੍ਹਵੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਦਹੀ ਹਾਂਡੀ ਦੀ ਰਸਮ ਅਦਾ ਕੀਤੀ ਗਈ।