ਖੇਤਰੀ ਪ੍ਰਤੀਨਿਧ
ਬਰਨਾਲਾ, 27 ਅਗਸਤ
ਸੂਬੇ ਰਾਜਸਥਾਨ ਦੇ ਇਲਾਕੇ ਜਲੌਰ ਅੰਦਰ ਲੰਘੇ ਦਿਨੀਂ ਇੱਕ ਤੀਸਰੀ ਜਮਾਤ ਦੇ ਮਾਸੂਮ ਦਲਿਤ ਵਿਦਿਆਰਥੀ ਇੰਦਰ ਮੇਘਵਾਲ ਦੀ ਸਕੂਲੀ ਅਧਿਆਪਕ ਵੱਲੋਂ ਕੀਤੀ ਕਥਿਤ ਕੁੱਟਮਾਰ ਉਪਰੰਤ ਹੋਈ ਮੌਤ ਖਿਲਾਫ਼ ਅੰਬੇਦਕਰਵਾਦੀ ਚੇਤਨਾ ਮੰਚ ਤੇ ਗਜ਼ਟਿਡ ਐਂਡ ਨਾਨ ਗਜ਼ਟਿਡ ਐੱਸ.ਸੀ.ਬੀ.ਸੀ ਐਂਪਲਾਈਜ਼ ਵੈੱਲਫ਼ੇਅਰ ਫੈਡਰੇਸ਼ਨ ਦੀ ਅਗਵਾਈ ਹੇਠ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਡੀਸੀ ਦਫ਼ਤਰ ਵਿਖੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਜ਼ੋਰਦਾਰ ਨਾਅਰੇਬਾਜ਼ੀ ਪਿੱਛੋਂ ਰਾਸ਼ਟਰਪਤੀ ਦੇ ਨਾਂ ਤਹਿਸੀਲਦਾਰ ਨੂੰ ਸੌਂਪੇ ਮੰਗ ਪੱਤਰ ਰਾਹੀਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ। ਲੈਕਚਰਾਰ ਗੁਰਬਖਸ਼ ਸਿੰਘ ਮਾਛੀਕੇ, ਹਾਕਮ ਸਿੰਘ ਨੂਰ, ਸਰਵਨ ਸਿੰਘ ਸੁਪਰਡੈਂਟ ਤੇ ਗੁਰਮੀਤ ਸਿੰਘ ਜੇਈ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਦੇ ਬਾਵਜੂੁਦ ਸਮਾਜ ਅੰਦਰ ਹਾਲੇ ਵੀ ਦਲਿਤ ਸਮਾਜ ਖਿਲਾਫ਼ ਗੈਰਸੰਵਿਧਾਨਿਕ ਵਰਤਾਰਾ ਜਾਰੀ ਹੈ। ਮਾਸੂਮ ਇੰਦਰ ਮੇਘਵਾਲ ਕਤਲ ਕਾਂਡ ਇਸ ਦੀ ਤਾਜ਼ਾ ਮਿਸਾਲ ਹੈ।