ਨਿਰੰਜਣ ਬੋਹਾ
ਬੋਹਾ, 24 ਮਈ
ਨੇੜਲੇ ਪਿੰਡ ਸੇਰਖਾਂਵਾਲਾ ਦੀ ਵਸਨੀਕ ਨੱਬੇ ਸਾਲਾ ਮਾਤਾ ਗੁਲਾਬ ਕੌਰ ਆਪਣੇ ਦੋ ਜੁਆਨ ਬੱਚੇ ਗੁਆਉਣ ਤੋਂ ਬਾਅਦ ਹੁਣ ਰੀੜ੍ਹ ਦੀ ਹੱਡੀ ਟੁੱਟ ਜਾਣ ਕਾਰਨ ਮੰਜੇ ਨਾਲ ਮੰਜਾ ਹੋਏ ਅਤੇ ਹੱਡੀਆਂ ਦੀ ਮੁੱਠ ਬਣੇ ਆਪਣੇ 45 ਸਾਲ ਦੇ ਤੀਜੇ ਪੁੱਤ ਨੂੰ ਬਚਾਉਣ ਲਈ ਸਰਕਾਰ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕਰ ਰਹੀ ਹੈ। ਇਸ ਮਾਤਾ ਦਾ ਇੱਕ ਪੁੱਤਰ ਦੀ ਟੋਭੇ ਵਿੱਚ ਡੁੱਬ ਕੇ ਅਤੇ ਦੂਜਾ ਪੁੱਤ ਸਪਰੇਅ ਪੀ ਕੇ ਮਰ ਗਿਆ ਸੀ ਤੇ ਹੁਣ ਉਸਦਾ ਤੀਜਾ ਪੁੱਤਰ ਜਗਤਾਰ ਸਿੰਘ ਛੇ ਮਹੀਨੇ ਤੋਂ ਰੀੜ੍ਹ ਦੀ ਹੱਡੀ ਟੁੱਟ ਜਾਣ ਕਾਰਨ ਬਿਨਾਂ ਇਲਾਜ ਤੋਂ ਮੰਜੇ ’ਤੇ ਪਿਆ ਤੜਫ ਰਿਹਾ ਹੈ।
ਇੱਕ ਪੁੱਤ ਨੇੜਲੇ ਪਿੰਡ ਦੇ ਵਿੱਚ ਗੁਰੂ ਘਰ ਵਿੱਚ ਸੇਵਾ ਕਰਦਾ ਹੈ ਪਰ ਗਰੀਬੀ ਕਾਰਨ ਉਹ ਵੀ ਭਰਾ ਦੀ ਸੇਵਾ ਸੰਭਾਲ ਤੇ ਵਿੱਤੀ ਮੱਦਦ ਕਰਨ ਤੋਂ ਅਸਮਰੱਥ ਹੈ। ਪਿੰਡ ਦੇ ਲੋਕਾਂ ਨੇ ਤਰਸ ਦੇ ਅਧਾਰ ਉਸਦੇ ਇਲਾਜ ਲਈ ਪੰਦਰਾਂ ਹਜ਼ਾਰ ਰੁਪਏ ਇੱਕਠੇ ਕੀਤੇ ਸਨ ਪਰ ਪ੍ਰਾਈਵੇਟ ਡਾਕਟਰਾਂ ਵੱਲੋਂ ਇਲਾਜ ਲਈ ਪੰਜ ਲੱਖ ਖਰਚੇ ਦੀ ਗੱਲ ਸੁਣ ਕੇ ਉਹ ਆਪਣੇ ਪੁੱਤ ਨੂੰ ਬਿਨਾਂ ਇਲਾਜ ਤੋਂ ਹੀ ਬਠਿੰਡੇ ਤੋਂ ਵਾਪਸ ਆਪਣੇ ਘਰ ਲਿਆਉਣ ਲਈ ਮਜਬੂਰ ਹੋ ਗਈ। ਜਗਤਾਰ ਦਾ ਇਲਾਜ ਕਰਾਉਂਦਿਆਂ ਉਨ੍ਹਾਂ ਦਾ ਬੱਕਰੀਆ ਤੇ ਭੇਡਾਂ ਦਾ ਇੱਜੜ ਵੀ ਵਿੱਕ ਚੁੱਕਿਆ ਹੈ ਤੇ ਭਾੜਾ ਢੋਣ ਲਈ ਬਣਾਈ ਟਰੈਕਟਰ ਟਰਾਲੀ ਵੀ।
ਹੁਣ ਮਾਤਾ ਗੁਲਾਬ ਕੌਰ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ। ਇਸ ਲਈ ਉਸਦੇ 12 ਸਾਲਾ ਪੋਤੇ ਨੂੰ ਪੜ੍ਹਨ ਦੀ ਉਮਰੇ ਦਿਹਾੜੀ ਕਰਨੀ ਪੈ ਰਹੀ ਹੈ। ਅਣਪੜ੍ਹਤਾ ਕਾਰਨ ਉਸਦੇ ਪੁੱਤ ਦਾ ਭਾਰਤ ਸਰਕਾਰ ਵੱਲੋਂ ਬਣਾਇਆ ਸਿਹਤ ਬੀਮਾ ਯੋਜਨਾ ਕਾਰਡ ਵੀ ਦੇਰ ਨਾਲ ਬਣਿਆ ਹੈ।
ਉਸ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਇਸ ਕਾਰਡ ਦੇ ਆਧਾਰ ’ਤੇ ਹੀ ਉਸਦੇ ਪੁੱਤ ਦਾ ਇਲਾਜ ਕਰਵਾਉਣ ਵਿੱਚ ਉਸ ਦੀ ਮੱਦਦ ਕਰੇ। ਸਮਾਜ ਸੇਵੀ ਸੰਸਥਾਵਾਂ ਉਸ ਦੀ ਸਹਾਇਤਾ ਲਈ ਮੋਬਾਈਲ ਨੰਬਰ 98723 -14843 ’ਤੇ ਸੰਪਰਕ ਕਰ ਸਕਦੀਆਂ ਹਨ।