ਜਸਵੰਤ ਜੱਸ
ਫਰੀਦਕੋਟ, 1 ਅਪਰੈਲ
ਮਾਲਵੇ ਦੇ ਕਰੀਬ ਇੱਕ ਦਰਜਨ ਜ਼ਿਲ੍ਹਿਆਂ ਲਈ ਫ਼ਰੀਦਕੋਟ ਵਿੱਚ ਸਥਾਪਤ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਮਰੀਜ਼ਾਂ ਦੀ ਖੱਜਲ ਖੁਆਰੀ ਦਾ ਅੱਡਾ ਬਣਿਆ ਹੋਇਆ ਹੈ। ਦੂਰ ਦੁਰਾਡਿਓਂ ਇਲਾਜ ਲਈ ਇੱਥੇ ਆਉਣ ਵਾਲੇ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਹਸਪਤਾਲ ਪ੍ਰਸ਼ਾਸ਼ਨ ਦੀ ਬੇਰੁਖੀ ਅਤੇ ਦੁਰਪ੍ਰਬੰਧਾਂ ਕਾਰਨ ਖੱਜਲ ਹੋਣਾ ਪੈ ਰਿਹਾ ਹੈ। ਪਰਚੀ ਬਣਾਉਣ ਲਈ ਘੰਟਿਆਂਬੱਧੀ ਕਤਾਰਾਂ ਵਿੱਚ ਲੱਗਣਾ ਪੈਂਦਾ ਹੈ। ਇਹ ਮਾਮਲਾ ਮੈਡੀਕਲ ਕਾਲਜ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਇਸ ਦੇ ਬਾਵਜੂਦ ਮਸਲੇ ਦਾ ਕੋਈ ਹੱਲ ਨਹੀਂ ਹੋਇਆ। ਮਰੀਜ਼ਾਂ ਦੇ ਵਾਰਸ ਰਾਜਪਾਲ ਸਿੰਘ, ਨੌਨਿਹਾਲ ਸਿੰਘ ਅਤੇ ਨਗਿੰਦਰ ਸਿੰਘ ਨੇ ਕਿਹਾ ਕਿ ਹਸਪਤਾਲ ਦਾ ਸਟਾਫ਼ ਅਜੇ ਵੀ ਮਰੀਜ਼ਾਂ ਦੀ ਸੁਣਵਾਈ ਨਹੀਂ ਕਰ ਰਿਹਾ ਅਤੇ ਹਸਪਤਾਲ ਵਿੱਚ ਸਾਫ਼ ਸਫ਼ਾਈ ਦਾ ਬੁਰਾ ਹਾਲ ਹੈ। ਮਰੀਜ਼ਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਇੱਕ ਦਰਜਨ ਵਾਰਡਾਂ ਵਿੱਚ ਦੌਰਾ ਕਰਕੇ ਮਰੀਜ਼ਾਂ ਦੀਆਂ ਸ਼ਿਕਾਇਤਾਂ ਸੁਣੀਆਂ। ਬਾਅਦ ਵਿੱਚ ਵਿਧਾਇਕ ਨੇ ਮਰੀਜ਼ਾਂ ਦੀਆਂ ਸਮੱਸਿਆਵਾਂ ਬਾਰੇ ਮੈਡੀਕਲ ਕਾਲਜ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਦਾ ਪ੍ਰਬੰਧ ਸੁਧਾਰਨ ਲਈ ਉਹ ਸ਼ਨਿਚਰਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਵੀ ਮਿਲਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਲੋੜੀਂਦਾ ਸਟਾਫ਼ ਅਤੇ ਸਹੂਲਤਾਂ ਬਿਨਾਂ ਦੇਰੀ ਮੁਹੱਈਆ ਕਰਵਾਈਆ ਜਾਣਗੀਆਂ।
ਮਰੀਜ਼ਾਂ ਨੂੰ ਜਲਦੀ ਆਧੁਨਿਕ ਸਹੂਲਤਾਂ ਮਿਲਣਗੀਆਂ: ਸੁਪਰਡੈਂਟ
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸੁਪਰਡੈਂਟ ਡਾ. ਸੁਲੇਖ ਮਿੱਤਲ ਨੇ ਕਿਹਾ ਕਿ ਹਸਪਤਾਲ ਵਿੱਚ ਮਰੀਜ਼ਾਂ ਨੂੰ ਆਉਂਦੀਆਂ ਸਮੱਸਿਆਵਾਂ ਸਬੰਧੀ ਹਸਪਤਾਲ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਜਲਦ ਹੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਆਧੁਨਿਕ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਡਾ. ਮਿੱਤਲ ਨੇ ਕਿਹਾ ਕਿ ਮਰੀਜ਼ਾਂ ਨੂੰ ਆਉਂਦੀਆਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਪਹਿਲਾਂ ਹੀ ਕਰ ਦਿੱਤਾ ਗਿਆ ਹੈ ਅਤੇ ਬਾਕੀ ਦਾ ਨਿਪਟਾਰਾ ਵੀ ਜਲਦ ਹੋ ਜਾਵੇਗਾ।