ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 16 ਫਰਵਰੀ
ਸੂਬੇ ਦੇ ਗ੍ਰਹਿ-ਕਮ-ਸਿਹਤ ਮੰਤਰੀ ਅਨਿਲ ਵਿੱਜ ਦੇ ਮਹਿਕਮੇ ਦੀ ਲਾਪ੍ਰਵਾਹੀ ਲਾਸ਼ਾਂ ਦੀ ਬੇਕਦਰੀ ਹੋ ਰਹੀ ਹੈ। ਇੱਥੇ ਸਿਵਲ ਹਸਪਤਾਲ ਵਿੱਚ ਦੋ ਲਾਸ਼ਾਂ ਦੇ ਪੋਸਟਮਾਰਟਮ ਲਈ ਆਏ ਵਾਰਸਾਂ ਨੂੰ ਕਈ ਘੰਟੇ ਖੱਜਲਖੁਆਰ ਹੋਣਾ ਪਿਆ। ਦੋਵੇਂ ਮ੍ਰਿਤਕਾਂ ਦੇ ਵਾਰਸਾਂ ਅਨੁਸਾਰ ਉਹ ਸਵੇਰੇ ਤੋਂ ਡਾਕਟਰ ਦੇ ਵਾਰ-ਵਾਰ ਤਰਲੇ ਕੱਢਦੇ ਰਹੇ, ਤਿੰਨ ਵਜੇ ਡਾਕਟਰ ਦੋਵੇਂ ਲਾਸ਼ਾਂ ਦੇ ਪੋਸਟਮਾਰਟਮ ਕੀਤੇ ਬਿਨਾਂ ਡਿਊਟੀ ਪੂਰੀ ਕਰਕੇ ਚਲੀ ਗਈ। ਬਾਅਦ ’ਚ ਮੀਡੀਆ ਰਾਹੀਂ ਸਿਰਸਾ ਦੇ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਦੇ ਦਖ਼ਲ ਮਗਰੋਂ ਸ਼ਾਮ ਸਾਢੇ ਪੰਜ ਵਗੈਰ ਡਿਊਟੀ ਵਾਲੇ ਦੋ ਹੋਰਨਾਂ ਡਾਕਟਰ ਵਿਜੈ ਕੁਮਾਰ ਅਤੇ ਡਾ. ਅਨੁਰਾਜਾ ਨੇ ਪੋਸਟਮਾਰਟਮ ਪ੍ਰਕਿਰਿਆ ਨਿਭਾਈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼ੇਰਗੜ੍ਹ ਨੇੜੇ ਸੜਕ ਹਾਦਸੇ ’ਚ ਜਖ਼ਮੀ ਰੇਸ਼ਮ ਸਿੰਘ ਵਾਸੀ ਭਾਟੀ ਕਾਲੋਨੀ ਦੀ ਬਠਿੰਡਾ ਵਿੱਚ ਅੱਜ ਇਲਾਜ ਦੌਰਾਨ ਮੌਤ ਗਈ ਸੀ। ਇਸੇ ਤਰ੍ਹਾਂ ਮਲੋਟ ਰੋਡ ’ਤੇ ਓਵਰਬ੍ਰਿਜ ਨੇੜੇ ਸੰਗਤ ਬਲਾਕ ਦੇ ਪਿੰਡ ਰਾਏਕੇ ਖੁਰਦ ਵਾਸੀ 45 ਸਾਲਾ ਮੇਜਰ ਸਿੰਘ ਦੀ ਕੱਲ ਦੇਰ ਸ਼ਾਮ ਮੌਤ ਹੋ ਗਈ ਸੀ। ਮੰਡੀ ਕਿੱਲਿਆਂਵਾਲੀ ਦੇ ਪੰਚ ਗੁਰਮੇਲ ਸਿੰਘ ਟੋਨੀ ਅਤੇ ਮ੍ਰਿਤਕ ਦੇ ਭਰਾ ਮੰਦਰ ਸਿੰਘ ਨੇ ਕਿਹਾ ਕਿ ਤਿੰਨ ਘੰਟੇ ਤੱਕ ਡਾਕਟਰ ਲਾਅਰੇ ਲਗਾਉਂਦੀ ਰਹੀ। ਉਧਰ, ਮ੍ਰਿਤਕ ਮੇਜਰ ਸਿੰਘ ਦੇ ਪੋਸਟਮਾਰਟਮ ਲਈ ਪੁੱਜੇ ਰਾਏਕੇ ਖੁਰਦ ਦੇ ਸਰਪੰਚ ਬੂਟਾ ਸਿੰਘ ਨੇ ਕਿਹਾ ਕਿ ਉਹ ਪੋਸਟਮਾਰਟਮ ਸਵੇਰੇ ਸਾਢੇ ਨੌਂ ਵਜੇ ਹਸਪਤਾਲ ਪੁੱਜ ਗਏ ਸਨ। ਸਿਟੀ ਥਾਣਾ ਦੇ ਅਡੀਸ਼ਨਲ ਮੁਖੀ ਸਬ ਇੰਸਪੈਕਟਰ ਸੁਰੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੀ ਮਹਿਲਾ ਡਾਕਟਰ ਨੂੰ ਦੋਵੇਂ ਲਾਸ਼ਾਂ ਦੇ ਪੋਸਟਮਾਰਟਮ ਲਈ ਬੇਨਤੀ ਕੀਤੀ ਪਰ ਉਹ ਦਫ਼ਤਰ ’ਚ ਕੰਪਿਊਟਰ ’ਤੇ ਕੰਮ ਕਰਦੀ ਰਹੀ ਅਤੇ ਬਾਅਦ ’ਚ ਵਗੈਰ ਕੋਈ ਜਵਾਬ ਦਿੱਤੇ ਚਲੇ ਗਏ। ਮਹਿਲਾ ਡਾ. ਰਾਜਦੀਪ ਕੌਰ ਨੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਨੂੰ ਕਾਗਜ਼ ਸਮੇਂ ਸਿਰ ਨਹੀਂ ਸੌਂਪੇ ਅਤੇ ਨਾ ਹੀ ਉਨਾਂ ਕੋਲ ਕੋਈ ਪੋਸਟਮਾਟਮ ਲਈ ਆਇਆ। ਡਾ. ਅਨੁਸਾਰ ਪੁਲੀਸ ਵੱਲੋਂ ਸਵੇਰੇ 9 ਵਜੇ ਪੋਸਟਮਾਰਟਮ ਸਬੰਧੀ ਕਾਗਜ਼ ਉਨ੍ਹਾਂ ਦੇ ਟੇਬਲ ’ਤੇ ਹੋਣੇ ਚਾਹੀਦੇ ਸਨ। ਉਨਾਂ ਬਾਕਾਇਦਾ ਇੱਕ ਹੋਰ ਲਾਸ਼ ਦਾ ਪੋਸਟਮਾਰਟਮ ਵੀ ਕੀਤਾ। ਮ੍ਰਿਤਕਾਂ ਦੇ ਵਾਰਸਾਂ ਨੇ ਸਿਹਤ ਮੰਤਰੀ ਤੋਂ ਮਹਿਲਾ ਡਾਕਟਰ ਖਿਲਾਫ਼ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਹੈ। ਸਿਵਲ ਸਰਜਨ ਸਿਰਸਾ ਨੇ ਕਿਹਾ ਕਿ ਉਹ ਪੜਤਾਲ ਕਰਵਾਉਣਗੇ ਅਤੇ ਵਿਵਸਥਾ ’ਚ ਸੁਧਾਰ ਲਿਆਉਣਗੇ।