ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 27 ਅਗਸਤ
ਰੇਲਵੇ ਸੰਘਰਸ਼ ਸਮਿਤੀ ਕੋਟਕਪੂਰਾ ਦੀ ਇੱਕ ਮੀਟਿੰਗ ਨਰਿੰਦਰ ਕੁਮਾਰ ਰਾਠੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ 30 ਅਗਸਤ ਨੂੰ ਫਿਰੋਜ਼ਪੁਰ ਤੋਂ ਚੱਲਣ ਵਾਲੀ ਫਿਰੋਜ਼ਪੁਰ ਅਗਰਤਲਾ ਹਫ਼ਤਾਵਾਰੀ ਗੱਡੀ ਦਾ ਕੋਟਕਪੂਰਾ ਵਿੱਚ ਸਮਿਤੀ ਵੱਲੋਂ ਸਵਾਗਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇਹ ਗੱਡੀ ਫਿਰੋਜ਼ਪੁਰ ਤੋਂ ਚੱਲ ਕੇ ਫਰੀਦਕੋਟ, ਕੋਟਕਪੂਰਾ, ਬਠਿੰਡਾ ਵਾਈਆ ਸਿਰਸਾ, ਹਿਸਾਰ, ਭਿਵਾਨੀ, ਰੋਹਤਕ, ਦਿੱਲੀ, ਕਾਨਪੁਰ ਸੈਂਟਰਲ, ਪ੍ਰਯਾਗਰਾਜ, ਪੰਡਿਤ ਦੀਨ ਦਿਆਲ ਉਪਾਧਿਆਏ, ਪਾਟਲੀ ਪੁੱਤਰ, ਕਟੀਹਾਰ, ਗੁਹਾਟੀ, 2 ਹੋਜਾਈ, ਬਦਰਪੁਰ, ਨਿਊ ਕਰੀਮਗੰਜ ਹੁੰਦੀ ਹੋਈ 2910 ਕਿ:ਮੀ: ਦਾ ਸਫ਼ਰ ਲਗਪਗ 57 ਘੰਟਿਆਂ ਵਿੱਚ ਤੈਅ ਕਰਕੇ ਅਗਰਤਲਾ ਪਹੁੰਚੇਗੀ। ਇਹ ਗੱਡੀ ਪੰਜਾਬ ਸਮੇਤ 7 ਰਾਜ ਹਰਿਆਣਾ, ਦਿੱਲੀ, ਯੂ.ਪੀ., ਬਿਹਾਰ, ਪੱਛਮੀ ਬੰਗਾਲ, ਤ੍ਰਿਪੁਰਾ ਦਾ ਰਸਤਾ ਤੈਅ ਕਰੇਗੀ। ਇਹ ਗੱਡੀ ਚੱਲਣ ਨਾਲ ਤਖਤ ਸ਼੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਪੰਜਾਬ, ਹਰਿਆਣਾ ਆਦਿ ਦੇ ਸ਼ਰਧਾਲੂਆਂ ਨੂੰ ਆਸਾਨੀ ਹੋਵੇਗੀ, ਕਿਉਂਕਿ ਪਾਟਲੀ ਪੁੱਤਰ ਰੇਲਵੇ ਸਟੇਸ਼ਨ ਰਾਹੀਂ ਜਾਣ ਵਾਲੇ ਇਸ ਟਰੇਨ ਤੋਂ ਸ੍ਰੀ ਪਟਨਾ ਸਾਹਿਬ ਦਾ ਫਾਸਲਾ ਤਕਰੀਬਨ 10 ਕਿ:ਮੀ: ਦੂਰ ਹੋਣ ਕਰਕੇ ਸ਼ਰਧਾਲੂਆਂ ਨੂੰ ਜਾਣ ਹੋਰ ਵੀ ਸੌਖਾ ਹੋਵੇਗਾ। ਇਹ ਗੱਡੀ ਹਰ ਸੋਮਵਾਰ ਫਿਰੋਜ਼ਪੁਰ ਤੋਂ ਚੱਲ ਕੇ ਕੋਟਕਪੂਰਾ ਵਿਖੇ ਦੁਪਹਿਰ 2:05 ਵਜੇ ਆਵੇਗੀ ਅਤੇ ਵਾਪਸੀ ’ਤੇ ਸ਼ਨਿੱਚਰਵਾਰ ਰਾਤ 9:25 ਵਜੇ ਕੋਟਕਪੂਰਾ ਵਿਖੇ ਪਹੁੰਚੇਗੀ।ਰੇਲਵੇ ਸੰਘਰਸ਼ੀ ਸਮਿਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲ ਮੰਤਰੀ ਅਤੇ ਡੀਆਰਐੱਮ ਫਿਰੋਜ਼ਪੁਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਫਿਰੋਜ਼ਪੁਰ-ਮੁੰਬਈ ਸੈਂਟਰਲ (ਜਨਤਾ ਐਕਸਪ੍ਰੈੱਸ) ਜਿਸ ਨੂੰ ਬੰਦ ਕੀਤਾ ਗਿਆ ਹੈ, ਨੂੰ ਮੁੜ ਸ਼ੁਰੂ ਕੀਤਾ ਜਾਵੇ।