ਪਰਮਜੀਤ ਸਿੰਘ
ਫਾਜ਼ਿਲਕਾ, 5 ਅਪਰੈਲ
ਸਿੱਖਿਆ ਮੰਤਰੀ ਵੱਲੋਂ ਬਦਲੀਆਂ ਲਾਗੂ ਕਰਵਾਉਣ ਦੀ ਮੰਗ ਕਰਨ ਵਾਲੇ ਅਧਿਆਪਕਾਂ ਦੇ ਮਸਲੇ ਜਮਹੂਰੀ ਢੰਗ ਨਾਲ ਹੱਲ ਕਰਨ ਦੀ ਥਾਂ, ਦਫਤਰ ਡੀਪੀਆਈ ਰਾਹੀਂ ਧਰਨਾਕਾਰੀ ਅਧਿਆਪਕਾਂ ਨੂੰ ਨੋਟਿਸ ਜਾਰੀ ਕਰਵਾਉਣ ਦੀ ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਸਿੱਖਿਆ ਮੰਤਰੀ ਤੋਂ ਅਧਿਆਪਕਾਂ ਤੇ ਸਿੱਖਿਆ ਨਾਲ ਸਬੰਧਿਤ ਮਾਮਲਿਆਂ ਨੂੰ ਵਧੇਰੇ ਜ਼ਿੰਮੇਵਾਰੀ ਤੇ ਸੰਵੇਦਨਸ਼ੀਲਤਾ ਨਾਲ ਨਜਿੱਠਣ ਅਤੇ ਬਦਲੀ ਨੀਤੀ ਤਹਿਤ ਹੋਈਆਂ ਸਾਰੀਆਂ ਬਦਲੀਆਂ ਨੂੰ ਬਿਨਾਂ ਸ਼ਰਤ ਲਾਗੂ ਕਰਨ ਦੀ ਮੰਗ ਕੀਤੀ ਹੈ।
ਡੀਟੀਐੱਫ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਮੁਹਿੰਦਰ ਕੌੜਿਆਂਵਾਲੀ, ਜਨਰਲ ਸਕੱਤਰ ਸੁਰਿੰਦਰ ਬਿਲਾਪੱਟੀ, ਕੁਲਜੀਤ ਡੰਗਰ ਖੇੜਾ, ਰਿਸ਼ੂ ਸੇਠੀ, ਭਾਰਤ ਭੂਸ਼ਣ, ਵਰਿੰਦਰ ਲਾਧੂਕਾ, ਰਮੇਸ਼ ਕੰਬੋਜ, ਪ੍ਰਮੋਦ ਬਿਸ਼ਨੋਈ, ਜਗਦੀਸ਼ ਲਾਲ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ, ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਜਾਰੀ ਬਦਲੀ ਨੀਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਜ਼ਾਰਾਂ ਅਧਿਆਪਕਾਂ ਦੀਆਂ ਬਦਲੀਆਂ ਨੂੰ, ਨੀਤੀ ਤੋਂ ਉਲਟ ਜਾ ਕੇ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਕਾਰਨਾਂ ਤਹਿਤ ਲਾਗੂ ਨਹੀਂ ਕੀਤਾ ਗਿਆ ਹੈ। ਇਸੇ ਢੰਗ ਨਾਲ ਸੈਕੰਡਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਉਪਰ ਵੀ ਕਈ ਤਰ੍ਹਾਂ ਦੀਆਂ ਗੈਰਵਾਜਬ ਸ਼ਰਤਾਂ ਥੋਪੀਆਂ ਹੋਈਆਂ ਹਨ। ਡੀਟੀਐੱਫ ਆਗੂਆਂ ਨੇ ਕਿਹਾ ਕਿ, ਲੋਕ ਪੱਖੀ ਰਾਜਨੀਤੀ ਦਾ ਦਮ ਭਰਨ ਵਾਲੀ ਮੌਜੂਦਾ ਸਰਕਾਰ ਦੇ ਸਿੱਖਿਆ ਮੰਤਰੀ ਤੋਂ ਆਪਣਾ ਮਸਲਾ ਹੱਲ ਕਰਵਾਉਣ ਦੀ ਆਸ ਨਾਲ, ਮੰਤਰੀ ਦੀ ਰਿਹਾਇਸ਼ ’ਤੇ ਪਹੁੰਚੇ ਅਧਿਆਪਕਾਂ ਪ੍ਰਤੀ ਧੱਕੜ ਅਤੇ ਗ਼ੈਰ ਜਮਹੂਰੀ ਰਵੱਈਆ ਅਪਣਾਉਣ ਨੂੰ, ਪੰਜਾਬ ਦੇ ਇਨਸਾਫ ਪਸੰਦ ਲੋਕ ਕਿਸੇ ਕੀਮਤ ’ਤੇ ਸਹਿਣ ਨਹੀਂ ਕਰਨਗੇ।
‘ਆਪ’ ਸਰਕਾਰ ਦੇ ਫਰਮਾਨ ਦੀਆਂ ਕਾਪੀਆਂ ਸਾੜੀਆਂ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਸਿੱਖਿਆ ਮੰਤਰੀ ਦੀ ਕੋਠੀ ਮੂਹਰੇ ਧਰਨਾ ਲਾ ਕੇ ਇਨਸਾਫ਼ ਮੰਗ ਰਹੇ ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਦੇ ਹੁਕਮਾਂ ਦਾ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਵਿਰੋਧ ਕੀਤਾ ਗਿਆ ਹੈ। ਫਰੰਟ ਦੇ ਸੱਦੇ ’ਤੇ ਕਈ ਸਕੂਲਾਂ ਵਿੱਚ ਡਾਇਰੈਕਟਰ ਸਿੱਖਿਆ ਵਿਭਾਗ ਦੇ ਨਾਦਰਸ਼ਾਹੀ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਤੇ ਸਕੱਤਰ ਰਾਮ ਸਵਰਨ ਲੱਖੇਵਾਲੀ ਨੇ ਆਖਿਆ ਕਿ ਅਧਿਆਪਕਾਂ ਦੇ ਡੈਪੂਟੇਸ਼ਨ ਰੱਦ ਕਰ ਕੇ ਬਦਲੀਆਂ ਕਰਨ ਦੀ ਹੱਕੀ ਮੰਗ ਦਾ ਜਥੇਬੰਦੀ ਡਟਵਾਂ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨਾ ਅਧਿਆਪਕਾਂ ਦਾ ਜਮਹੂਰੀ ਹੱਕ ਹੈ, ਜਿਸ ਨੂੰ ਦਬਾਉਣ ਲਈ ‘ਆਪ’ ਸਰਕਾਰ ਨਾਦਰਸ਼ਾਹੀ ਫੁਰਮਾਨ ਲਾਗੂ ਕਰਨ ਤੇ ਉਤਰ ਆਈ ਹੈ, ਜਿਸਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਚੋਣਾਂ ਤੋਂ ਪਹਿਲਾਂ ਸਾਰੇ ਵਰਗਾਂ ਦੇ ਮੰਗਾਂ, ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਈ ‘ਆਪ’ ਸਰਕਾਰ ਦੀ ਨੀਤੀ ਵੀ ਪਹਿਲਾਂ ਵਾਲੀ ਹੈ। ਜਿਸ ਕਾਰਨ ਸਰਕਾਰੀ ਸਕੂਲਾਂ ਨੂੰ ਨਿਘਾਰ ਵੱਲ ਲਿਜਾਣ ਦੇ ਪ੍ਰਾਜੈਕਟ ਜਿਉਂ ਦੇ ਤਿਉਂ ਲਾਗੂ ਹਨ। ਇਸ ਮੌਕੇ ਜ਼ਿਲ੍ਹਾ ਕਮੇਟੀ ਆਗੂ ਵਰਿੰਦਰ ਬਹਿਲ, ਕੁਲਦੀਪ ਸ਼ਰਮਾ ਖੁੱਡੀਆਂ, ਬੂਟਾ ਸਿੰਘ ਵਾਕਿਫ਼, ਪਰਮਿੰਦਰ ਖੋਖਰ, ਸੁਰਿੰਦਰ ਸੇਤੀਆ, ਨਰਿੰਦਰ ਬੇਦੀ, ਗੁਰਜੀਤ ਸਿੰਘ ਸੋਢੀ, ਵਰਿੰਦਰਜੀਤ ਬਿੱਟਾ ਤੇ ਮਨੋਜ ਬੇਦੀ ਨੇ ਅਧਿਆਪਕ ਮੰਗਾਂ ਦੀ ਪੂਰਤੀ ਤੇ ਲੋਕ ਵਿਰੋਧੀ ਸਿੱਖਿਆ ਨੀਤੀਆਂ ਨੂੰ ਮਾਤ ਦੇਣ ਲਈ ਸੰਘਰਸ਼ ਦੇ ਪਿੜ ਮੱਲਣ ਦਾ ਅਹਿਦ ਲਿਆ।