ਲਖਵੀਰ ਸਿੰਘ ਚੀਮਾ
ਟੱਲੇਵਾਲ, 5 ਸਤੰਬਰ
ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਿੱਲੀ ਦੀਆਂ ਹੱਦਾਂ ਸਮੇਤ ਪੰਜਾਬ ਵਿੱਚ ਜਾਰੀ ਹੈ। ਇਸ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ‘ਕੁੰਡਾ ਖੜਕਾਓ ਮੁਹਿੰਮ’ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਅੱਜ ਪਿੰਡ ਭੋਤਨਾ ਵਿੱਚ ਕਿਸਾਨ ਜਥੇਬੰਦੀ ਨਾਲ ਜੁੜੀਆਂ ਔਰਤਾਂ ਨੇ ਘਰ ਘਰ ਜਾ ਕੇ ਕੁੰਡੇ ਖੜਕਾ ਕੇ ਲੋਕਾਂ ਨੂੰ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਇਸ ਮੁਹਿੰਮ ਨੂੰ ਜਥੇਬੰਦੀ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਵਲੋਂ ਸ਼ੁਰੂ ਕੀਤਾ ਗਿਆ। ਇਸ ਮੌਕੇ ਘਰਾਂ ਦੇ ਕੁੰਡੇ ਖੜਕਾ ਰਹੀਆਂ ਔਰਤਾਂ ਜਸਵੰਤ ਕੌਰ, ਜਸਵੀਰ ਕੌਰ, ਪਰਮਿੰਦਰ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ, ਗੁਰਮੀਤ ਕੌਰ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਇਸ ਮਘਦੇ ਸੰਘਰਸ਼ ਤੋਂ ਬਹੁਤੇ ਕਿਸਾਨ ਦੂਰੀ ਬਣਾ ਰਹੇ ਹਨ, ਜਦਕਿ ਅਜੇ ਸੰਘਰਸ਼ ਦੀ ਜਿੱਤ ਲਈ ਹਰ ਕਿਸਾਨ ਦਾ ਸ਼ਾਮਲ ਹੋਣਾ ਜ਼ਰੂਰੀ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਪਿੰਡ ਤਾਮਕੋਟ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਦੀ ਰੈਲੀ ਕੀਤੀ, ਜਿਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦਿੱਲੀ ਕਿਸਾਨ ਮੋਰਚੇ ਵਿੱਚ ਪਰਿਵਾਰ ਸਮੇਤ ਸ਼ਮੂਲੀਅਤ ਕਰਨ।
ਮੁਜ਼ੱਫਰਨਗਰ ’ਚ ਲਾਮਿਸਾਲ ਇਕੱਠ ਨੇ ਧਰਨਾਕਾਰੀਆਂ ਦੇ ਹੌਸਲੇ ਵਧਾਏ
ਬਰਨਾਲਾ (ਪਰਸ਼ੋਤਮ ਬੱਲੀ): ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਸਥਾਨਕ ਰੇਲਵੇ ਸਟੇਸ਼ਨ ’ਤੇ ਲੱਗੇ ਸਾਂਝੇ ਕਿਸਾਨੀ ਧਰਨੇ ’ਤੇ ਅੱਜ ਮੁਜ਼ੱਫਰਨਗਰ (ਯੂਪੀ) ਦੀ ਕਿਸਾਨ ਮਹਾ-ਪੰਚਾਇਤ ਵਿੱਚ ਜੁੜ੍ਹੇ ਲਾਮਿਸਾਲ ਇਕੱਠ ਦੀ ਚਰਚਾ ਰਹੀ। ਬੁਲਾਰਿਆਂ ਨੇ ਕਿਹਾ ਕਿ 300 ਤੋਂ ਵੱਧ ਕਿਸਾਨ ਜਥੇਬੰਦੀਆਂ ਅਤੇ 17 ਸੂਬਿਆਂ ’ਚੋਂ ਆਏ ਵੱਡੇ ਕਿਸਾਨ ਕਾਫਲਿਆਂ ਨੇ ਕਿਸਾਨ ਅੰਦੋਲਨ ਦੇ ਦੇਸ਼-ਵਿਆਪੀ ਖਾਸੇ ’ਤੇ ਇੱਕ ਵਾਰ ਫਿਰ ਪੱਕੀ ਮੋਹਰ ਲਾ ਦਿੱਤੀ ਹੈ। ਅੱਜ ਧਰਨੇ ’ਚ ਭਾਈ ਜੀਵਨ ਸਿੰਘ (ਭਾਈ ਜੈਤਾ) ਦੇ ਜਨਮ ਦਿਵਸ ਮੌਕੇ ਸ਼ਰਧਾਪੂਰਵਕ ਯਾਦ ਕਰਦਿਆਂ ਸਿਜਦਾ ਕੀਤਾ।