ਪੱਤਰ ਪ੍ਰੇਰਕ
ਮਹਿਲ ਕਲਾਂ, 28 ਮਈ
ਇਥੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਮਾਜਿਕ ਸਮੱਸਿਆਵਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਵਿੱਚ ਬੁਲਾਰਿਆਂ ਨੇ ਖੇਤੀ ਸੰਕਟ, ਵਾਤਾਵਰਨ, ਪਾਣੀਆਂ ਨੂੰ ਬਚਾਉਣ ਦਾ ਮਸਲਾ, ਨਸ਼ਿਆਂ ਦੀ ਮਾਰ ਆਦਿ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਗਿਆਨਕ ਨਜ਼ਰੀਏ ਤੋਂ ਚਾਨਣਾ ਪਾਇਆ ਗਿਆ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਨੇ ਕਿਹਾ ਕਿ ਇਸ ਸਾਮਰਾਜੀ ਮਾਡਲ ਦੀ ਥਾਂ ਲੋਕ ਪੱਖੀ ਖੇਤੀ ਨੀਤੀ ਬਣਾਉਣਾ ਸਮੇਂ ਦੀ ਲੋੜ ਹੈ । ਇਸ ਮੌਕੇ ਨਸ਼ਿਆਂ ਬਾਰੇ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਦੇ ਜ਼ਿਲ੍ਹਾ ਆਗੂ ਡਾਕਟਰ ਰਜਿੰਦਰਪਾਲ ਨੇ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਲਈ ਸਿਆਸੀ ਇੱਛਾਸ਼ਕਤੀ ਦੀ ਲੋੜ ਹੁੰਦੀ ਹੈ ਪਰ ਨਸ਼ਾ ਤਸਕਰਾਂ ਦੇ ਸਿਆਸਤਦਾਨਾਂ ਅਤੇ ਉੱਚ ਪੁਲੀਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੁੰਦੀ ਹੈ ਤੇ ਵੱਖ-ਵੱਖ ਸਮੇਂ ’ਤੇ ਜਾਰੀ ਹੋਈਆਂ ਇੱਕਾ ਦੁੱਕਾ ਰਿਪੋਰਟਾਂ ਨੇ ਇਹ ਗੱਠਜੋੜ ਬੇਪਰਦ ਕੀਤਾ ਹੈ। ਇਸ ਮੌਕੇ ਬੀਕੇਯੂ (ਡਕੌਂਦਾ) ਦੇ ਮਹਿਲਾ ਆਗੂ ਅਮਰਜੀਤ ਕੌਰ ਨੇ ਫਾਸ਼ੀਵਾਦ ਬਾਰੇ ਔਰਤਾਂ ਨੂੰ ਜਥੇਬੰਦ ਹੋਣ ਦੀ ਲੋੜ ਪ੍ਰਤੀ ਵੀ ਆਗਾਹ ਕੀਤਾ। ਇਨਕਲਾਬੀ ਕੇਂਦਰ ਦੇ ਜ਼ਿਲ੍ਹਾ ਕਮੇਟੀ ਮੈਂਬਰ ਪ੍ਰੇਮਪਾਲ ਕੌਰ ਨੇ ਕਿਰਤੀਆਂ ਦੀ ਏਕਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।