ਜਸਵੰਤ ਜੱਸ
ਫ਼ਰੀਦਕੋਟ, 26 ਸਤੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ ’ਤੇ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਫਾਜ਼ਿਲਕਾ ਦੇ ਇਕ ਪ੍ਰੋਫ਼ੈਸਰ ਦੀ ਕਰੋਨਾ ਦੇ ਇਲਾਜ ਦੌਰਾਨ ਹੋਈ ਮੌਤ ਦੀ ਹੋਈ ਪੜਤਾਲ ਵਿਚ ਖੁਲਾਸਾ ਹੋਇਆ ਹੈ ਕਿ ਪ੍ਰੋਫ਼ੈਸਰ ਪਰਮਿੰਦਰ ਸਿੰਘ ਕੰਬੋਜ ਦੀ ਮੌਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਹੋਈ ਹੈ।
ਜਾਂਚ ਅਧਿਕਾਰੀ ਪਰਮਦੀਪ ਸਿੰਘ ਖਹਿਰਾ ਨੇ ਜਾਂਚ ਰਿਪੋਰਟ ਵਿਚ ਖ਼ੁਲਾਸਾ ਕੀਤਾ ਹੈ ਕਿ ਹਸਪਤਾਲ ਦੇ ਡਾਕਟਰਾਂ ਨੇ ਪ੍ਰੋਫ਼ੈਸਰ ਕੰਬੋਜ ਨੂੰ ਆਕਸੀਜਨ ਮੁਹੱਈਆ ਨਹੀਂ ਕਰਵਾਈ। ਉਹ ਤਿੰਨ ਘੰਟੇ ਵਾਰਡ ਦੇ ਬਾਹਰ ਹੀ ਪਏ ਰਹੇ ਅਤੇ ਕਿਸੇ ਡਾਕਟਰ ਨੇ ਉਨ੍ਹਾਂ ਦਾ ਇਲਾਜ ਨਾ ਕੀਤਾ। ਇਸ ਤੋਂ ਇਲਾਵਾ ਜਿੱਥੇ ਕਰੋਨਾ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾਂਦਾ ਹੈ, ਉੱਥੇ ਰੌਸ਼ਨੀ ਲਈ ਬਲਬ ਵੀ ਨਹੀਂ ਸਨ। ਮੈਜਿਸਟਰੇਟੀ ਜਾਂਚ ਵਿਚ ਮੈਡੀਕਲ ਕਾਲਜ ਦੇ ਸੁਪਰਡੈਂਟ ਡਾ. ਰਾਜੀਵ ਜੋਸ਼ੀ ਅਤੇ ਪ੍ਰਿੰਸੀਪਲ ਨੂੰ ਪ੍ਰਬੰਧਾਂ ਵਿਚ ਵੱਡੀਆਂ ਲਾਪ੍ਰਵਾਹੀਆਂ ਵਰਤਣ ਦਾ ਕਸੂਰਵਾਰ ਮੰਨਿਆ ਗਿਆ ਹੈ। ਕਰੋਨਾ ਵਾਰਡ ਵਿਚ ਇਲਾਜ ਦੌਰਾਨ ਤੀਜੀ ਮੰਜ਼ਿਲ ਤੋਂ ਡਿੱਗ ਕੇ ਮਰੇ ਮਰੀਜ਼ ਗੁਰਜੀਤ ਸਿੰਘ ਦੀ ਮੌਤ ਲਈ ਵੀ ਹਸਪਤਾਲ ਦੇ ਡਾਕਟਰਾਂ ਨੂੰ ਜ਼ਿੰਮੇਵਾਰ ਮੰਨਿਆ ਗਿਆ ਹੈ।
ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਭੇਜੀ ਗਈ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਹਸਪਤਾਲ ਵਿਚ ਲੋੜੀਂਦੇ ਸਟਾਫ ਦੀ ਘਾਟ ਸੀ, ਜੋ ਹਸਪਤਾਲ ਨੇ ਪੰਜਾਬ ਸਰਕਾਰ ਦੇ ਧਿਆਨ ਵਿਚ ਨਹੀਂ ਲਿਆਂਦੀ। ਜਾਂਚ ਰਿਪੋਰਟ ਅਨੁਸਾਰ ਹਸਪਤਾਲ ਵਿਚ ਇਲਾਜ ਕਰ ਰਹੇ ਡਾਕਟਰਾਂ ਨੂੰ ਵਿਸ਼ੇਸ਼ ਸਿਖਲਾਈ ਦੀ ਲੋੜ ਹੈ ਕਿਉਂਕਿ ਹਸਪਤਾਲ ਦੇ ਡਾਕਟਰ ਮਰੀਜ਼ਾਂ ਨਾਲ ਮਨੁੱਖਾਂ ਵਾਲਾ ਸਲੂਕ ਹੀ ਨਹੀਂ ਕਰ ਰਹੇ। ਪੜਤਾਲ ਰਿਪੋਰਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਹਸਪਤਾਲ ਵਿਚ ਸਫ਼ਾਈ ਪ੍ਰਬੰਧ ਬੇਹੱਦ ਮਾੜੇ ਹਨ।
ਪੜਤਾਲ ਰਿਪੋਰਟ ਦੀ ਕਾਪੀ ਨਹੀਂ ਮਿਲੀ: ਵੀਸੀ
ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਪੜਤਾਲ ਰਿਪੋਰਟ ਦੀ ਕਾਪੀ ਅਜੇ ਉਨ੍ਹਾਂ ਨੂੰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਰਿਪੋਰਟ ‘ਤੇ ਜੋ ਵੀ ਫ਼ੈਸਲਾ ਲਵੇਗੀ ਯੂਨੀਵਰਸਿਟੀ ਉਸ ਨੂੰ ਲਾਗੂ ਕਰੇਗੀ।