ਬੁਢਲਾਡਾ: ਇੰਟਰਨੈਸ਼ਨਲ ਕਰਾਟੇ ਖਿਡਾਰਨ ਪੰਜਾਬ ਸਰਕਾਰ ਦੀ ਬੇਰੁਖੀ ਕਰਕੇ ਅੱਜ ਦਿਹਾੜਣ ਬਣ ਕੇ ਝੋਨਾ ਲਾਉਣ ਲੱਗੀ ਹੋਈ ਹੈ। ਬੁਢਲਾਡਾ ਦੇ ਪਿੰਡ ਗੁਰਨੇ ਕਲਾਂ ਦੀ ਹੋਣਹਾਰ ਹਰਦੀਪ ਕੌਰ ਜਿੱਥੇ ਝੋਨਾ ਲਾ ਰਹੀ ਹੈ ਉਥੇ ਖੇਤਾਂ ’ਚ ਹੀ ਤੂਤਾਂ ਦੀ ਛਾਂਵੇ ਆਨਲਾਈਨ ਪੇਪਰ ਵੀ ਦੇ ਰਹੀ ਹੈ।
ਦਲਿਤਾਂ ਦੇ ਵਿਹੜੇ ਮਘਦੇ ਸੂਰਜ ਦੀ ਆਸ ਲਾਈ ਬੈਠੀ ਇਹ ਖਿਡਾਰਨ ਦੱਸਦੀ ਹੈ ਕਿ ਉਹ ਸਰਕਾਰੀ ਸਕੂਲ ਪੱਧਰ ’ਤੇ ਪੰਜਵੀਂ ਜਮਾਤ ’ਚ ਪੜ੍ਹਦਿਆਂ ਕਰਾਟੇ ਖੇਡਣ ਲੱਗੀ ਸੀ। ਜਿਸ ਨੇ ਇਸ ਖੇਡ ਰਾਹੀਂ ਜ਼ਿਲ੍ਹੇ ਤੋਂ ਸਟੇਟ, ਸਟੇਟ ਤੋਂ ਨੈਸ਼ਨਲ ਤੇ ਫਿਰ ਇੰਟਰਨੈਸ਼ਨਲ ਪੱਧਰ ਤੇ ਹੁਣ ਤੱਕ 20 ਸੋਨ ਤਗਮੇ ਜਿੱਤੇ ਹਨ। ਹੁਣ ਉਹ ਪਟਿਆਲਾ ’ਚ ਡੀਪੀਈਐੱਡ ਦਾ ਕੋਰਸ ਕਰ ਰਹੀ ਹੈ। ਘਰ ਦੀ ਗਰੀਬੀ ਨੇ ਉਸ ਦੇ ਪਰਿਵਾਰ ਦਾ ਲੱਕ ਤੋੜ ਰੱਖਿਆ ਹੈ।
ਇਨ੍ਹੀ ਦਿਨੀਂ ਹਰਦੀਪ ਕੌਰ ਆਪਣੇ ਪਿੰਡ ’ਚੋਂ ਲੰਘਦੀ ਸਰਹੰਦ ਡਰੇਨ ਦੇ ਪਰਲੇ ਪਾਰ ਪੜ੍ਹਾਈ ਦੇ ਨਾਲ-ਨਾਲ ਆਪਣੇ ਮਾਤਾ ਪਿਤਾ ਤੇ ਭਰਾਵਾਂ ਨਾਲ ਪਿੰਡ ਫਫੜੇ ਭਾਈ ਕੇ ਦੇ ਖੇਤਾਂ ’ਚ ਝੋਨਾ ਲਾਉਣ ਲਈ ਮਜਬੂਰ ਹੈ। -ਪੱਤਰ ਪ੍ਰੇਰਕ