ਜੋਗਿੰਦਰ ਸਿੰਘ ਮਾਨ
ਮਾਨਸਾ, 4 ਅਕਤੂਬਰ
ਮਾਨਸਾ ਦੀ ਜ਼ਿਲ੍ਹਾ ਕਚਹਿਰੀ ਵਾਲੀ ਵੀਆਈਪੀ ਰੋਡ ਉਪਰ ਮਾਨਸਾ ਖੁਰਦ ਤੱਕ ਇੰਟਰਲਾਕ ਟਾਈਲਾਂ ਲਾਉਣ ਦਾ ਚਿਰਾਂ ਲਟਕਿਆ ਕੰਮ ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਪੁੱਜਣ ਤੋਂ ਬਾਅਦ ਪ੍ਰਸ਼ਾਸਨ ਇਸ ਕਾਰਜ ਨੂੰ ਲੈ ਕੇ ਹਰਕਤ ਵਿੱਚ ਆਉਣ ਲੱਗਿਆ ਹੈ।ਇਸ ਸੜਕ ਦੀਆਂ ਸਾਈਡਾਂ ਪੁੱਟ ਕੇ ਪਿਛਲੇ 1 ਸਾਲ ਤੋਂ ਖੁੱਲ੍ਹੀਆਂ ਛੱਡ ਰੱਖੀਆਂ ਹਨ, ਜਿਸ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਮੁੱਖ ਮੰਤਰੀ ਕੋਲ ਇਹ ਮਾਮਲਾ ਉਸ ਵੇਲੇ ਪੁੱਜਿਆ ਜਦੋਂ ਮਾਨਸਾ ਦੇ ਸਮਾਜ ਸੇਵੀ ਐਡਵੋਕੇਟ ਗੁਰਲਾਭ ਸਿੰਘ ਮਾਹਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਿੱਜੀ ਫੋਨ ’ਤੇ ਵੱਟਸਐਪ ਰਾਹੀਂ ਭੇਜਿਆ ਗਿਆ। ਇਸ ਨੂੰ ਦੇਖਣ ਤੋਂ ਬਾਅਦ ਤੁਰੰਤ ਮਾਨਸਾ ਜਿਲ੍ਹਾ ਪ੍ਰਸ਼ਾਸਨ ਸਰਗਰਮ ਹੋਇਆ ਅਤੇ ਉਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਸ਼ਿਕਾਇਤਕਰਤਾ ਵਕੀਲ ਗੋਰਾ ਸਿੰਘ ਥਿੰਦ ਕੋਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸ਼ਿਕਾਇਤ ਸਹੀ ਹੋਣ ਬਾਰੇ ਅਤੇ ਉਨ੍ਹਾਂ ਦੀ ਸ਼ਿਕਾਇਤ ਉਪਰ ਕੀਤੀ ਕਾਰਵਾਈ ਦੀ ਰਿਪੋਰਟ ਭੇਜਣ ਸਰਕਾਰ ਨੂੰ ਭੇਜਣ ਬਾਰੇ ਦੱਸਿਆ ਗਿਆ ਅਤੇ ਏਡੀਸੀ (ਜਨਰਲ) ਵੱਲੋਂ ਕਾਰਵਾਈ ਕੀਤੇ ਜਾਣ ਦੀ ਸੂਚਨਾ ਦਿੱਤੀ ਗਈ। ਇਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਵੱਲੋਂ ਖੁਦ ਕਾਰਵਾਈ ਕਰਦੇ ਹੋਏ ਮਾਨਸਾ ਦੇ ਲੋਕਾਂ ਦੀ ਇੱਕ ਸਮੱਸਿਆ ਦਾ ਤੁਰੰਤ ਹੱਲ ਕਰ ਦਿੱਤਾ ਗਿਆ, ਜਿਸ ਕਾਰਨ ਕਚਹਿਰੀ ਰੋਡ ਦੇ ਵਸਨੀਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ।