ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 27 ਅਕਤੂਬਰ
ਇਥੇ ਪਿੰਡ ਆਲੀਕੇ ਵਿੱਚ ਅੱਜ ਦੇਸ਼ ਦੀ ਸੁਰੱਖਿਆ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਸੁਖਜਿੰਦਰ ਸਿੰਘ ਦੀ ਛੇਵੀਂ ਬਰਸੀ ਮਨਾਈ ਗਈ। ਇਸ ਮੌਕੇ ਸ਼ਹੀਦ ਨੂੰ ਸ਼ਰਧਾ ਸੁਮਨ ਭੇਟ ਕਰਨ ਲਈ ਉਨ੍ਹਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਹੀਦ ਸੁਖਜਿੰਦਰ ਸਿੰਘ ਦੇ ਬੁੱਤ ਦੀ ਸਥਾਪਨਾ ਕੀਤੀ ਗਈ। ਜ਼ਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਸਪੁੱਤਰ ਬੇਅੰਤ ਸਿੰਘ ਦੁਸ਼ਮਣ ਦੇਸ਼ ਦੀਆਂ ਫੌਜਾਂ ਨਾਲ ਲੋਹਾ ਲੈਂਦਿਆਂ 27 ਅਕਤੂੁਬਰ 2016 ਨੂੰ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਅੱਜ ਉਨ੍ਹਾਂ ਦੀ ਮਾਤਾ ਕਰਮਜੀਤ ਕੌਰ ਪਿਤਾ ਬੇਅੰਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਭਾਰਤੀ ਫੌਜ ਦੇ ਕਰਨਲ ਦੁਸ਼ਿਅੰਤ ਬਿਸ਼ਨੋਈ ਤੇ ਸਾਥੀਆਂ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਤੇ ਉਨ੍ਹਾਂ ਦੇ ਬੁੱਤ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਨੇ ਸਰਕਾਰਾਂ ਨੂੰ ਸ਼ਹੀਦਾਂ ਦੇ ਪਰਿਵਾਰਾਂ ਲਈ ਵਿਸ਼ੇਸ਼ ਸਹੂਲਤਾਂ ਯਕੀਨੀ ਬਣਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਮਹੰਤ ਚੰਦਰਮਾ ਦਾਸ, ਹਰਿੰਦਰ ਸਿੰਘ ਹਿੰਦਾ, ਹਰਪਾਲ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।