ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 31 ਅਗਸਤ
ਪੰਜਾਬ ਦੇ ਦਰਿਆਵਾਂ ਵਿੱਚ ਪਾਏ ਜਾ ਰਹੇ ਦੂਸ਼ਿਤ ਪਾਣੀ ਦੇ ਮੱਦੇਨਜ਼ਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦੀ ਨਿਗਰਾਨ ਟੀਮ ਨੇ ਅੱਜ ਇੱਥੇ ਮੁਕਤਸਰ ਰੋਡ ’ਤੇ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਜਾਇਜ਼ਾ ਲਿਆ। ਨਿਗਰਾਨ ਟੀਮ ਦੇ ਚੇਅਰਮੈਨ ਸੇਵਾਮੁਕਤ ਜਸਟਿਸ ਜਸਵੀਰ ਸਿੰਘ, ਸੇਵਾਮੁਕਤ ਆਈਏਐੱਸ ਅਧਿਕਾਰੀ ਐੱਸਸੀ ਅਗਰਵਾਲ, ਬਾਬੂ ਰਾਮ ਤੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਸ਼ਹਿਰ ’ਚ ਬਣੇ ਦੋ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਦੌਰਾ ਕੀਤਾ। ਉਨ੍ਹਾਂ ਵੇਖਿਆ ਕਿ ਕੁਝ ਤਕਨੀਕੀ ਨੁਕਸ ਤੇ 5 ਕਰੋੜ ਰੁਪਏ ਬਕਾਇਆ ਹੋਣ ਕਾਰਨ ਇਸ ਪਲਾਂਟ ਨੂੰ ਬਿਜਲੀ ਕੁਨੈਕਸ਼ਨ ਨਹੀਂ ਮਿਲ ਸਕਿਆ। ਇਸੇ ਤਰ੍ਹਾਂ ਫ਼ਰੀਦਕੋਟ ਵਿੱਚ ਅਜੇ ਤੱਕ ਟਰੀਟਮੈਂਟ ਪਲਾਂਟ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ।
ਜਾਣਕਾਰੀ ਅਨੁਸਾਰ ਫ਼ਰੀਦਕੋਟ ਵਿੱਚ ਟਰਟੀਮੈਂਟ ਪਲਾਂਟਾਂ ਦੀਆਂ ਸਿਰਫ਼ ਕੰਧਾਂ ਹੀ ਖੜ੍ਹੀਆਂ ਕੀਤੀਆਂ ਗਈਆਂ ਹਨ, ਜਦਕਿ ਕੋਟਕਪੂਰਾ ਦੇ ਸੀਵਰੇਜ ਟਰੀਟਮੈਂਟ ਪਲਾਂਟ ਮੁਕੰਮਲ ਹੋ ਚੁੱਕੇ ਹਨ, ਬਿਜਲੀ ਕੁਨੈਕਸ਼ਨ ਨਾ ਮਿਲਣ ਕਰਕੇ ਇਹ ਅਜੇ ਨਹੀਂ ਚੱਲ ਸਕੇ। ਇਸ ਮੌਕੇ ਫ਼ਰੀਦਕੋਟ ਜ਼ਿਲ੍ਹੇ ਦੇ ਏਡੀਸੀ ਪਰਮਦੀਪ ਸਿੰਘ ਅਤੇ ਉਪ ਮੰਡਲ ਮੈਜਿਸਟ੍ਰੇਟ ਕੋਟਕਪੂਰਾ ਡਾ. ਨਿਰਮਲ ਮੌਜੂਦ ਸਨ। ਅਧਿਕਾਰੀਆਂ ਨੇ ਟੀਮ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਮਸਲੇ ਦਾ ਹੱਲ ਕਰ ਕੇ ਇਹ ਟਰੀਟਮੈਂਟ ਪਲਾਂਟ ਅਗਲੇ ਇੱਕ ਮਹੀਨੇ ਦੇ ਅੰਦਰ ਚਾਲੂ ਕਰ ਦਿੱਤੇ ਜਾਣਗੇ।