ਜਗਤਾਰ ਅਣਜਾਣ
ਮੋੜ ਮੰਡੀ, 7 ਜੂਨ
ਇਥੇ ਤਹਿਸੀਲ ਮੌੜ ਦਾ ਪਿੰਡ ਮਾਣਕ ਖਾਨਾ ਗ੍ਰਾਮ ਪੰਚਾਇਤ ਦੇ ਉੱਦਮ ਸਦਕਾ ਲੋਕਾਂ ਦੇ ਘਰਾਂ ਦਾ ਕੂੜਾ ਇਕੱਠਾ ਕਰਨ ਲਈ ਕੂੜਾ ਡੰਪ ਬਨਾਉਣ ਵਾਲਾ ਜ਼ਿਲ੍ਹੇ ਦਾ ਪਹਿਲੀਆਂ ਸਫ਼ਾਂ ’ਚ ਆਉਣ ਵਾਲਾ ਪਿੰਡ ਬਣ ਗਿਆ ਹੈ, ਜਿੱਥੇ ਕੂੜਾ ਡੰਪ ਤੋਂ ਖਾਦ ਤਿਆਰ ਕੀਤੀ ਜਾਵੇਗੀ। ਪਿੰਡ ਦੀ ਧੀ ਹੋਣਹਾਰ ਸਰਪੰਚ ਸੈਸ਼ਨਦੀਪ ਕੌਰ ਸਿੱਧੂ ਦੇ ਅਜਿਹੇ ਅਗਾਂਹਵਧੂ ਕੰਮਾਂ ਨੂੰ ਦੇਖਦਿਆਂ ਰਾਊਂਡਗਲਾਸ ਫਾਊਂਡੇਸ਼ਨ ਮੁਹਾਲੀ ਨੇ ਪੰਚਾਇਤ ਦੀ ਸਹਾਇਤਾ ਲਈ ਹੱਥ ਅੱਗੇ ਵਧਾਇਆ ਹੈ। ਸਰਪੰਚ ਸੈਸ਼ਨਦੀਪ ਕੌਰ ਸਿੱਧੂ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਠਿੰਡਾ ਪਰਮਵੀਰ ਸਿੰਘ ਦੇ ਸਹਿਯੋਗ ਸਦਕਾ ਕੂੜੇ ਦੇ ਠੋਸ ਪ੍ਰਬੰਧਨ ਲਈ ਘਰਾਂ ਦੇ ਕੂੜੇ ਨੂੰ ਇਕੱਠਾ ਕਰਨ ਲਈ ਇੱਕ ਕੂੜਾ ਡੰਪ ਬਣਾਇਆ ਗਿਆ ਹੈ, ਜਿਸ ਵਿੱਚ ਸੁੱਕਾ ਕੂੜਾ , ਗਿੱਲਾ ਕੂੜਾ , ਕਾਗ਼ਜ਼ ਕੱਪੜੇ ਤੇ ਪਲਾਸਟਿਕ ਨੂੰ ਵੱਖਰਾ ਵੱਖਰਾ ਡੰਪ ਕੀਤਾ ਜਾਵੇਗਾ ਜਦਕਿ ਗਿੱਲੇ ਕੂੜੇ ਦੀ ਖਾਦ ਬਣਾਈ ਜਾਵੇਗੀ, ਜੋ ਕਿ ਪਿੰਡ ਵਿੱਚ ਲੱਗੇ ਪੌਦਿਆਂ ’ਤੇ ਫ਼ਸਲਾਂ ਦਾ ਝਾੜ ਵਧਾਉਣ ਲਈ ਕਿਸਾਨਾਂ ਨੂੰ ਵੇਚੀ ਜਾਵੇਗੀ ਅਤੇ ਸੁੱਕਾ ਕੂੜਾ ਵੇਚ ਦਿੱਤਾ ਜਾਵੇਗਾ, ਜਿਸ ਨਾਲ ਪੰਚਾਇਤ ਦੀ ਆਮਦਨ ਵਿੱਚ ਵਾਧਾ ਹੋਵੇਗਾ।
ਇਸ ਸਬੰਧੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਰਾਊਂਡਗਲਾਸ ਫਾਊਂਡੇਸ਼ਨ ਮੋਹਾਲੀ ਵੱਲੋਂ ਔਰਤਾਂ ਨੂੰ ਸਿਖਲਾਈ ਦੇਣ ਲਈ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਪਿੰਡ ਦੀਆਂ ਔਰਤਾਂ ਸਮੂਹ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਗ੍ਰਾਮ ਪੰਚਾਇਤ ਨੇ ਕੂੜਾਦਾਨ ਪੇਂਡੂ ਔਰਤਾਂ ’ਚ ਵੰਡੇ। ਇਸ ਮੌਕੇ ਫਾਊਂਡੇਸ਼ਨ ਦੇ ਮੈਬਰਾਂ ਰਜਨੀਤ ਕੁਮਾਰ, ਭਰਭੂਰ ਸਿੰਘ, ਰਵਿੰਦਰ ਸਿੰਘ ਤੇ ਹਰਦੀਪ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਕੂੜੇ ਕਰਕਟ ਦੀ ਸਾਂਭ ਸੰਭਾਲ ਲਈ ਜਾਣਕਾਰੀ ਦੇਣ ਲਈ ਫਾਊਂਡੇਸ਼ਨ ਦੇ ਅਧਿਕਾਰੀ ਹਰ ਘਰ ਵਿੱਚ ਜਾਣਗੇ ਤਾਂ ਕਿ ਲੋਕ ਇਸ ਦੀ ਸਹੀ ਵਰਤੋਂ ਕਰ ਸਕਣ। ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਪ੍ਰਭਜੀਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਮਾਣਕ ਖਾਨਾ ਕੂੜਾ ਡੰਪ ਬਣਾਉਣ ਵਾਲਾ ਜਿਲ੍ਹੇ ਅਤੇ ਬਲਾਕ ਦਾ ਪਹਿਲਾ ਪਿੰਡ ਬਣ ਗਿਆ ਹੈ। ਇਸ ਮੌਕੇ ਪੰਚ ਛੋਟਾ ਸਿੰਘ , ਹਰਬੰਸ ਸਿੰਘ , ਚਰਨਜੀਤ ਕੌਰ , ਰਣਜੀਤ ਕੌਰ , ਸਮਾਜ ਸੇਵੀ ਸੁਖਪਾਲ ਸਿੰਘ ਸੁੱਖੀ ਹਿੰਮਤਪੁਰਾ, ਲਖਵੀਰ ਸਿੰਘ, ਕਲੱਬ ਪ੍ਰਧਾਨ ਅਮਨਦੀਪ ਸਿੰਘ ਅਤੇ ਟਰਾਂਸਪੋਰਟਰ ਜਗਸੀਰ ਸਿੰਘ ਹਾਜਰ ਸਨ।