ਰਵਿੰਦਰ ਰਵੀ
ਬਰਨਾਲਾ, 22 ਅਪਰੈਲ
ਇੱਥੋਂ ਨੇੜਲੇ ਧਨੌਲਾ ਬੱਸ ਸਟੈਂਡ ਵਿੱਚ ਸਰਕਾਰੀ ਬੱਸਾਂ ਵਿੱਚ ਮਹਿਲਾ ਸਵਾਰੀਆਂ ਨੂੰ ਬੈਠਣ ਤੋਂ ਰੋਕਣ ’ਤੇ ਔਰਤਾਂ ਨੇ ਸੂਬਾ ਸਰਕਾਰ ਦਾ ਪਿੱਟ ਸਿਆਪਾ ਕੀਤਾ। ਜਾਣਕਾਰੀ ਮੁਤਾਬਕ ਸਰਕਾਰੀ ਬੱਸਾਂ ਵਾਲਿਆਂ ਨੇ ਬੱਸਾਂ ਵਿੱਚ ਸੀਮਤ ਗਿਣਤੀ ਵਿੱਚ ਹੀ ਸਵਾਰੀਆਂ ਬਿਠਾਉਣ ਦੀ ਗੱਲ ਆਖ ਕੇ ਮਹਿਲਾ ਸਵਾਰੀਆਂ ਨੂੰ ਚੜ੍ਹਨ ਤੋਂ ਰੋਕ ਦਿੱਤਾ ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਮਹਿਲਾਵਾਂ ਨੇ ਮਿੱਡ ਡੇਅ ਮੀਲ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਹਰਪਾਲ ਕੌਰ, ਸੀਟੂ ਆਗੂ ਜੀਤ ਸਿੰਘ ਪੱਖੋ ਜਸਪਾਲ ਕੌਰ, ਹਰਜੀਤ ਕੌਰ, ਮੁਖਤਿਆਰ ਕੌਰ, ਬਲਜੀਤ ਕੌਰ, ਸੁਰਜੀਤ ਕੌਰ, ਭੁਪਿੰਦਰ ਕੌਰ, ਹਰਵੰਤ ਕੌਰ ਦੀ ਅਗਵਾਈ ਹੇਠ ਬੱਸ ਸਟੈਂਡ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਮੌਜੂਦ ਮਹਿਲਾ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰੀ ਮੁਲਾਜ਼ਮ ਪ੍ਰਾਈਵੇਟ ਬੱਸਾਂ ਨੂੰ ਫਾਇਦਾ ਪਹੁੰਚਾਉਣ ਕਰਕੇ ਕਰੋਨਾ ਦਾ ਬਹਾਨਾ ਬਣਾ ਕੇ ਔਰਤਾਂ ਨੂੰ ਬੱਸਾਂ ਵਿੱਚ ਨਹੀਂ ਚੜ੍ਹਾ ਰਹੇ ਜਦਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ। ਇਸ ਦੌਰਾਨ ਪੀਆਰਟੀਸੀ ਦੇ ਡਰਾਈਵਰ ਗੁਰਚਰਨ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਸਰਕਾਰ ਦੇ ਆਰਡਰ ਹਨ ਕਿ ਕੋਵਿਡ- 19 ਕਾਰਨ 25 ਸਵਾਰੀਆਂ ਤੋਂ ਵੱਧ ਨਹੀਂ ਬਿਠਾਉਣੀਆਂ ਪਰ ਫਿਰ ਵੀ ਉਨ੍ਹਾਂ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਈਆਂ ਹੋਈਆਂ ਹਨ। ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀਆਂ ਨੇ ਸਵਾਰੀਆਂ ਨੂੰ ਸਮਝਾ-ਬੁਝਾ ਕੇ ਬੱਸਾਂ ’ਚ ਚੜ੍ਹਾ ਦਿੱਤਾ।