ਪੱਤਰ ਪ੍ਰੇਰਕ
ਟੱਲੇਵਾਲ, 15 ਜੂਨ
ਪਿੰਡ ਸੱਦੋਵਾਲ ਵਿੱਚ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਮਜ਼ਦੂਰਾਂ ਵੱਲੋਂ ਵਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ ਅਤੇ ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਸਿੱਖਿਆ ਤੇ ਸਿਹਤ ਸਹੂਲਤਾਂ ਦੀ ਗਾਰੰਟੀ ਤੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਖਾਤਿਆਂ ’ਚ ਪਾਉਣ ਦੀ ਗਾਰੰਟੀ ਦਿੱਤੀ ਸੀ। ਸਰਕਾਰ ਦੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਦੌਰਾਨ ਨਾ ਤਾਂ ਸਿੱਖਿਆ ਅਤੇ ਸਿਹਤ ਸਹੂਲਤਾਂ ’ਚ ਕੋਈ ਸੁਧਾਰ ਲਿਆਂਦਾ ਗਿਆ ਹੈ ਅਤੇ ਨਾ ਹੀ ਔਰਤਾਂ ਦੇ ਬੈਂਕ ਖਾਤਿਆਂ ’ਚ ਕੋਈ ਫੰਡ ਪਾਉਣਾ ਸ਼ੁਰੂ ਕੀਤਾ ਗਿਆ ਹੈ। ਪੁਲੀਸ ਥਾਣਿਆਂ ਤੇ ਸਰਕਾਰੀ ਦਫ਼ਤਰਾਂ ’ਚ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਬਣਾਉਣ ਵਿੱਚ ਮਜ਼ਦੂਰ ਵਰਗ ਨੇ ਵਧ ਚੜ੍ਹ ਕੇ ਵੋਟਾਂ ਪਾਈਆਂ ਸਨ ਪਰ ਸਰਕਾਰ ਨੇ ਮਜ਼ਦੂਰਾਂ ਦੇ ਹੱਕ ਵਿੱਚ ਹਾਲੇ ਤੱਕ ਆਪਣਾ ਮੂੰਹ ਨਹੀਂ ਖੋਲ੍ਹਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ, ਜਿਸਨੂੰ ਜਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜਗਤਾਰ ਸਿੰਘ, ਨਿਰਮਲ ਸਿੰਘ, ਲਾਲ ਸਿੰਘ, ਮੱਖਣ ਸਿੰਘ, ਓਂਕਾਰ ਸਿੰਘ, ਮਨਰਾਜ , ਬਲਬੀਰ ਕੌਰ, ਸੁਖਦੇਵ ਕੌਰ, ਮੇਲੋ ਕੌਰ, ਜਰਨੈਲ ਕੌਰ, ਅੰਗਰੇਜ਼ ਕੌਰ ਤੇ ਸੁਰਿੰਦਰ ਕੌਰ ਹਾਜ਼ਰ ਸਨ।