ਰਾਜਿੰਦਰ ਵਰਮਾ
ਭਦੌੜ, 22 ਦਸੰਬਰ
ਪੰਜਾਬ ਸਰਕਾਰ ਵੱਲੋਂ 2 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਭਦੌੜ ਦੇ ਬੱਸ ਸਟੈਂਡ ਦੇ ਹੋ ਰਹੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਣ ਉਪਰੰਤ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੀ ਲੋਕ ਪੱਖੀ ਸਰਕਾਰ ਆਮ ਲੋਕਾਂ ਨੂੰ ਸਹੂਲਤਾਂ ਦੇਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਜਿਸ ਨੇ ਥੋੜ੍ਹੇ ਸਮੇਂ ਅੰਦਰ ਹੀ ਅਕਾਲੀ ਦਲ ਦੇ ਬਿਜਲੀ ਸਮਝੋਤੇ ਰੱਦ ਕਰਕੇ ਬਿਜਲੀ ਬਕਾਏ ਮੁਆਫ਼ ਕਰਕੇ ਸਸਤੀ ਬਿਜਲੀ ਦਿੱਤੀ, ਲੜਕੀਆਂ ਲਈ ਸ਼ਗਨ ਸਕੀਮ ਅਤੇ ਪੈਨਸ਼ਨਾਂ ਵਿੱਚ ਵਾਧਾ ਅਤੇ ਔਰਤਾਂ ਲਈ ਮੁਫਤ ਸਫ਼ਰ ਦੀ ਸਹੂਲਤ ਨੂੰ ਲਾਗੂ ਕੀਤਾ, ਉਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸਮੁੱਚੀ ਕੈਬਨਿਟ ਦਿਨ ਰਾਤ ਲੋਕਾਂ ਲਈ ਕੰਮ ਕਰ ਰਹੀ ਹੈ। ਜਿਸ ਨੇ ਵਿਰੋਧੀਆਂ ਨੂੰ ਮੁੱਦਾਹੀਣ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਅਕਾਲੀ ਦਲ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੂਬੇ ’ਚ ਅਜਿਹਾ ਕੋਈ ਧੰਦਾ ਨਹੀਂ ਜਿਸ ’ਤੇ ਬਾਦਲ ਪਰਿਵਾਰ ਦਾ ਕਬਜ਼ਾ ਨਾ ਹੋਵੇ। ਇਨ੍ਹਾਂ ਦੀ ਟਰਾਂਸਪੋਰਟ ਉਪਰ ਹੱਥ ਪਾਉਣ ਨਾਲ ਪੰਜਾਬ ਸਰਕਾਰ ਨੂੰ ਰੋਜ਼ਾਨਾ 1 ਕਰੋੜ 28 ਲੱਖ ਰੁਪਏ ਦਾ ਮੁਨਾਫਾ ਹੋ ਰਿਹਾ ਹੈ ਕਿਉਂਕਿ ਇਨ੍ਹਾਂ ਦੀਆਂ 1 ਰੂਟ ਉਪਰ 7 ਤੋਂ 8 ਬੱਸਾਂ ਨਾਜਾਇਜ਼ ਰੂਪ ਵਿਚ ਚੱਲਦੀਆਂ ਸਨ ਜਿਨ੍ਹਾਂ ਨੂੰ ਬੰਦ ਕਰਕੇ 14 ਕਰੋੜ ਰੁਪਏ ਦਾ ਟੈਕਸ ਭਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਆਪਸ ਵਿੱਚ ਰਲੇ ਹੋਏ ਹਨ ਜਿਨ੍ਹਾਂ ਨੇ ਪੰਜਾਬ ਨੂੰ ਵਾਰੋ ਵਾਰੀ ਲੁੱਟਣ ਦੀਆਂ ਵਿਉਂਤਾਂ ਘੜੀਆਂ ਹੋਈਆਂ ਸਨ ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸੌਂ ਖਾ ਕੇ ਵੀ ਲੋਕਾਂ ਦੀਆਂ ਆਸਾਂ ’ਤੇ ਖਰੇ ਨਹੀਂ ਉਤਰ ਸਕੇ। ਇਸ ਦਾ ਜੁਆਬ ਦੇਣ ਲਈ ਲੋਕ ਉਤਾਵਲੇ ਹਨ। ਉਨ੍ਹਾਂ ਮੁੱਖ ਮੰਤਰੀ ਦਿੱਲੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇ ਨਾਂ ਉਪਰ ਗਾਰੰਟੀਆਂ ਦੇਣ ਵਾਲੇ ਕੇਜਰੀਵਾਲ ਨੇ ਪੰਜਾਬ ਰੋਡਵੇਜ਼ ਨੂੰ ਏਅਰ ਪੋਰਟ ਵਿੱਚ ਦਾਖਲ ਕਰਨ ਦੀ ਬਜਾਏ ਬਾਦਲਾਂ ਦੀਆਂ ਇੰਡੋ ਕੈਨੇਡੀਅਨ ਬੱਸਾਂ ਨੂੰ ਇਜਾਜਤ ਦਿੱਤੀ ਹੋਈ ਹੈ ਜਿਸ ਤੋਂ ਇੰਨਾਂ ਦੀ ਪੰਜਾਬ ਪ੍ਰਤੀ ਕੀ ਨੀਅਤ ਹੈ ਦਾ ਪਤਾ ਲੱਗਦਾ ਹੈ। ਉਨਾਂ ਕਿਹਾ ਕਿ ਭਦੌੜ ਇਲਾਕੇ ਲੋਕਾਂ ਦੀ ਬੱਸ ਸਟੈਂਡ ਬਣਾਉਣ ਦੀ ਮੰਗ ਨੂੰ 6 ਮਹੀਨਿਆਂ ਅੰਦਰ ਤਿਆਰ ਕਰਕੇ ਹਰ ਸਹੂਲਤ ਮੁਹੱਈਆਂ ਕਰਵਾਈ ਜਾਵੇਗੀ।