ਪੱਤਰ ਪ੍ਰੇਰਕ
ਮਾਨਸਾ, 20 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾਈ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਭਾਰਤ-ਪਾਕਿਸਤਾਨ ਵਪਾਰ ਮਾਰਗ ਖੋਲ੍ਹਣ ਦੀ ਲੋੜ ਹੈ ਤਾਂ ਕਿ ਦੋਵਾਂ ਦੇਸ਼ਾਂ ਵਿੱਚ ਪਿਆਰ ਅਤੇ ਸਮਾਜਿਕ ਸਾਂਝ ਵਧ ਸਕੇ। ਉਨ੍ਹਾਂ ਕਿਹਾ ਕਿ ਵਪਾਰ ਖੁੱਲ੍ਹਣ ਨਾਲ ਕਿਸਾਨਾਂ ਨੂੰ ਕਣਕ, ਚਾਵਲ, ਬਾਸਮਤੀ, ਸਬਜ਼ੀਆਂ ਅਤੇ ਫ਼ਲ ਸਮੇਤ ਸੁੱਕੇ ਮੇਵਿਆਂ ਦਾ ਵੱਧ ਭਾਅ ਮਿਲ ਸਕਦਾ ਹੈ। ਸ੍ਰੀ ਲੱਖੋਵਾਲ ਨੇ ਕਿਹਾ ਕਿ ਇਸ ਵੇਲੇ ਦੋਵਾਂ ਲਹਿੰਦੇ ਤੇ ਚੜ੍ਹਦੇ ਪੰਜਾਬਾਂ ਦੇ ਕਿਸਾਨ-ਮਜ਼ਦੂਰ, ਸਮੇਂ ਦੀਆਂ ਸਰਕਾਰਾਂ ਦੇ ਸਹੀ ਪ੍ਰਬੰਧ ਨਾ ਹੋਣ ਕਾਰਨ ਆਰਥਿਕ ਔਕੜਾਂ ਦੇ ਸ਼ਿਕਾਰ ਹੋ ਰਹੇ ਹਨ, ਜੋ ਵਪਾਰ ਦੇ ਆਦਾਨ-ਪ੍ਰਦਾਨ ਨਾਲ ਹੀ ਸੌਖੇ ਹੋ ਸਕਦੇ ਹਨ। ਉਹ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਲੱਖੋਵਾਲ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਚੱਲੇ ਮੋਰਚੇ ਵਿੱਚ ਕੇਂਦਰ ਸਰਕਾਰ ਵੱਲੋਂ ਜੋ ਲਖੀਮਪੁਰ ਖੀਰੀ ਕਾਂਡ ਵਾਪਰਿਆ ਹੈ, ਉਸ ਦੇ ਕਸੂਰਵਾਰਾਂ ਨੂੰ ਸਜ਼ਾ ਦਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 3 ਅਕਤੂਬਰ ਨੂੰ ਰੋਸ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਅਜੇ ਮਿਸ਼ਰਾ ਟੋਨੀ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਤੋਂ ਖਾਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫ਼ਸਲਾਂ ’ਤੇ ਐੱਮਐੱਸਪੀ ਦੀ ਮੰਗ ਨੂੰ ਲਾਗੂ ਕੀਤਾ ਜਾਵੇ। ਇਸ ਮੌਕੇ ਨਿਰਮਲ ਸਿੰਘ ਝੰਡੂਕੇ, ਪ੍ਰਸ਼ੋਤਮ ਸਿੰਘ ਗਿੱਲ, ਦਰਸ਼ਨ ਸਿੰਘ ਜਟਾਣਾ, ਗੁਰਮੀਤ ਸਿੰਘ ਧਾਲੀਵਾਲ, ਕਰਨੈਲ ਸਿੰਘ ਮਾਨਸਾ, ਅਮਰੀਕ ਸਿੰਘ ਫਫੜੇ, ਕਾਕਾ ਸਿੰਘ ਮਾਨਸਾ, ਰਾਜਿੰਦਰ ਸਿੰਘ ਮਾਖਾ ਅਤੇ ਬਲਵੰਤ ਸਿੰਘ ਦਲੀਏਵਾਲੀ ਨੇ ਵੀ ਸੰਬੋਧਨ ਕੀਤਾ।