ਪੱਤਰ ਪ੍ਰੇਰਕ
ਟੱਲੇਵਾਲ, 11 ਮਈ
ਪਿੰਡ ਚੀਮਾ ਵਿੱਚ ਨਾਈਵਾਲਾ ਅਤੇ ਪੱਤੀ ਸੇਖਵਾਂ ਰੋਡ ਉਪਰ ਰਜਵਾਹਿਆਂ ਦੇ ਪੁਲ ਰੇਲਿੰਗਾਂ ਟੁੱਟਣ ਕਾਰਨ ਪੁਲਾਂ ’ਤੇ ਹਾਦਸੇ ਵਾਪਰੇ ਰਹਿੰਦੇ ਸਨ। ਇਨ੍ਹਾਂ ਪੁਲਾਂ ’ਤੇ ਰੇਲਿੰਗ ਬਣਾਉਣ ਲਈ ਸਬੰਧਤ ਨਹਿਰੀ ਵਿਭਾਗ ਅਤੇ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਕਾਰਜ ਲਈ ਹੁਣ ਅਧਿਕਾਰੀਆਂ ਦੀ ਝਾਕ ਛੱਡ ਕੇ ਪਿੰਡ ਵਾਸੀ ਖ਼ੁਦ ਅੱਗੇ ਆਏ ਹਨ। ਪਿੰਡ ਦੇ ਆਜ਼ਾਦ ਸਪੋਰਟਸ ਕਲੱਬ ਵਲੋਂ ਇਨ੍ਹਾਂ ਦੋਵਾਂ ਪੁਲਾਂ ’ਤੇ ਆਪਣੇ ਪੱਧਰ ’ਤੇ ਇੱਟਾਂ ਦੀ ਰੇਲਿੰਗ ਬਣਾਈ ਗਈ। ਕਲੱਬ ਪ੍ਰਧਾਨ ਜੀਵਨ ਸਿੰਘ ਧਾਲੀਵਾਲ, ਲਖਵਿੰਦਰ ਸਿੰਘ ਸੀਰਾ, ਗੁਰਮੇਲ ਸਿੰਘ ਗੇਲਾ, ਆਦਿ ਨੇ ਦੱਸਿਆ ਕਿ ਇਸ ਸਮੱਸਿਆ ਵੱਲ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ, ਜਿਸ ਕਰਕੇ ਪੰਚਾਇਤ ਦੇ ਸਹਿਯੋਗ ਨਾਲ ਅੱਜ ਇਨ੍ਹਾਂ ਪੁਲਾਂ ਦੀ ਰੇਲਿੰਗ ਬਣਾ ਦਿੱਤੀ ਹੈ। ਇਸ ਲਈ ਇੱਟਾਂ, ਸੀਮਿੰਟ, ਬਰੇਤੀ ਆਦਿ ਸਾਮਾਨ ਪੰਚਾਇਤ ਵਲੋਂ ਦਿੱਤਾ ਗਿਆ ਹੈ ਅਤੇ ਇਸਨੂੰ ਕਲੱਬ ਵੱਲੋਂ ਬਣਾਇਆ ਗਿਆ ਹੈ।