ਜੋਗਿੰਦਰ ਸਿੰਘ ਮਾਨ
ਮਾਨਸਾ, 16 ਅਗਸਤ
ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਆਜ਼ਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਦੇਸ਼ ਦੇ ਮਹਾਨ ਯੋਧਿਆਂ ਅਤੇ ਆਜ਼ਾਦੀ ਘੁਲਾਟੀਆਂ ਵੱਲੋਂ ਕੀਤੀਆਂ ਮਹਾਨ ਕੁਰਬਾਨੀਆਂ ਅੱਗੇ ਨਤਮਸਤਕ ਹੁੰਦਿਆਂ ਕਿਹਾ ਕਿ ਅੱਜ ਅਸੀਂ ਦੇਸ਼ ਭਗਤਾਂ ਅਤੇ ਸੂਰਬੀਰਾਂ ਦੇ ਸੰਘਰਸ਼ ਅਤੇ ਕੁਰਬਾਨੀਆਂ ਸਦਕਾ ਆਜ਼ਾਦ ਫਿਜ਼ਾ ਵਿੱਚ 75ਵਾਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਅਤੇ ਐੱਸ.ਐੱਸ.ਪੀ. ਡਾ. ਨਰਿੰਦਰ ਭਾਰਗਵ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।
ਬਰਨਾਲਾ (ਰਵਿੰਦਰ ਰਵੀ): ਇਥੇ 75ਵਾਂ ਆਜ਼ਾਦੀ ਦਿਹਾੜਾ ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਜ਼ਿਲ੍ਹਾ ਵਾਸੀਆਂ ਦੇ ਨਾਂ ਸੰਦੇਸ਼ ਦਿੰਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਖਿਆ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਤੇ ਇਨ੍ਹਾਂ ਕੁਰਬਾਨੀਆਂ ਸਦਕਾ ਦੇਸ਼ ਨੂੰ ਆਜ਼ਾਦੀ ਮਿਲੀ ਹੈ। ਉਨਾਂ ਕਿਹਾ ਕਿ ਸਾਂਝੇ ਹੰਭਲੇ ਨਾਲ ਅਸੀਂ ਕਰੋਨਾ ਨੂੰ ਵੀ ਜ਼ਰੂਰ ਮਾਤ ਦੇਵਾਂਗੇ। ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ, ਵਿਧਾਇਕ ਪਿਰਮਲ ਸਿੰਘ ਧੌਲਾ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਤੇ ਬੀਬੀ ਸੁਰਿੰਦਰ ਕੌਰ ਵਾਲੀਆ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਫਾਜ਼ਿਲਕਾ (ਪਰਮਜੀਤ ਸਿੰਘ): ਫਾਜ਼ਿਲਕਾ ਵਿੱਚ 75ਵਾਂ ਆਜ਼ਾਦੀ ਦਿਹਾੜਾ ਕੌਮੀ ਜਜ਼ਬੇ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਤਿੰਰਗਾ ਲਹਿਰਾਉਣ ਦੀ ਰਸਮ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਨਿਭਾਈ। ਇਸ ਮੌਕੇ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ’ਚ ਯੋਗਦਾਨ ਪਾਉਣ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪੁਲੀਸ, ਹੋਮਗਾਰਡ ਅਤੇ ਐੱਨਸੀਸੀ ਦੀਆਂ ਟੁਕੜੀਆਂ ਨੇ ਪ੍ਰੇਡ ਕਮਾਂਡਰ ਡੀਐੱਸਪੀ ਫਤਿਹ ਸਿੰਘ ਬਰਾੜ ਦੀ ਅਗਵਾਈ ’ਚ ਮਾਰਚ ਪਾਸਟ ਕੀਤਾ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਆਸਫਵਾਲਾ ਵਿੱਚ ਸ਼ਹੀਦਾਂ ਦੀ ਸਮਾਧ ’ਤੇ ਜਾ ਕੇ 1971 ਦੀ ਜੰਗ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਆਜ਼ਾਦੀ ਦਾ 75ਵਾਂ ਦਿਹਾੜਾ ਜ਼ਿਲ੍ਹੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਮ ਰਿਹਾ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕੌਮੀ ਤਿਰੰਗੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਏਡੀਜੀਪੀ (ਪ੍ਰੋਵਿਜ਼ਨਿੰਗ) ਡਾ. ਨਰੇਸ਼ ਅਰੋੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਤਪਾ ਮੰਡੀ (ਪੱਤਰ ਪ੍ਰੇਰਕ): ਇਥੇ ਆਜ਼ਾਦੀ ਦਾ 75ਵਾਂ ਦਿਹਾੜਾ ਦੋ ਥਾਵਾਂ ’ਤੇ ਮਨਾਇਆ ਗਿਆ। ਤਹਿਸੀਲ ਕੰਪਲੈਕਸ ਵਿਚ ਐੱਸਡੀਐੱਮ ਵਲਜੀਤ ਸਿੰਘ ਵਾਲੀਆ ਨੇ ਕੌਮੀ ਝੰਡਾ ਲਹਿਰਾਇਆ ਅਤੇ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਤੇ ਜ਼ੋਰ ਦਿੱਤਾ। ਆਜ਼ਾਦੀ ਦਿਵਸ ਦਾ ਮੁੱਖ ਸਮਾਗਮ ਨਗਰ ਕੌਂਸਲ ਤਪਾ ਦੇ ਵਿਹੜੇ ਵਿੱਚ ਹੋਇਆ ਜਿੱਥੇ ਕੌਂਸਲ ਦੇ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਪੁਲੀਸ ਟੁਕੜੀ ਨੇ ਝੰਡੇ ਨੂੰ ਸਲਾਮੀ ਦਿੱਤੀ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਦੇਸ਼ ਦਾ 75ਵਾਂ ਸੁਤੰਤਰਤਾ ਦਿਵਸ ਸ਼ਹਿਰ ਦੇ ਬਹੁਮੰਤਵੀ ਖੇਡ ਸਟੇਡੀਅਮ ’ਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰਵਿੰਦਰ ਸਿੰਘ ਅਰੋੜਾ (ਪੀਸੀਐੱਸ) ਉਪ ਮੰਡਲ ਮੈਜਿਸਟਰੇਟ ਜਲਾਲਾਬਾਦ ਮੁੱਖ ਤੌਰ ’ਤੇ ਪਹੁੰਚੇ ਜਿਨ੍ਹਾਂ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਰਮਨੀਤ ਕੌਰ ਅਡੀਸ਼ਨਲ ਸਿਵਿਲ ਜੱਜ ਸੀਨੀਅਰ ਡਿਵੀਜ਼ਨ, ਰਾਮ ਪਾਲ ਸਿਵਲ ਜੱਜ ਯੂਨੀਅਰ ਡਿਵੀਜ਼ਨ ਸਣੇ ਹੋਰ ਅਧਿਕਾਰੀ ਹਾਜ਼ਰ ਸਨ।
ਧਨੌਲਾ (ਪੁਨੀਤ ਮੈਨਨ): ਨਗਰ ਕੌਂਸਲ ਧਨੌਲਾ ਵਿੱਚ ਪ੍ਰਧਾਨ ਰਣਜੀਤ ਕੌਰ ਸੋਢੀ ਅਤੇ ਮੀਤ ਪ੍ਰਧਾਨ ਰਜਨੀਸ਼ ਕੁਮਾਰ ਆਲੂ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਇੱਥੇ ਆਜ਼ਾਦੀ ਦਿਵਸ ਮੌਕੇ ਨਗਰ ਕੌਂਸਲ ਦੇ ਵਿਹੜੇ ਵਿੱਚ ਕੌਂਸਲ ਪ੍ਰਧਾਨ ਗਾਂਧੀ ਰਾਮ ਸਿੰਗਲਾ ਵੱਲੋਂ ਝੰਡਾ ਲਹਿਰਾਇਆ ਗਿਆ।
ਜੈਤੋ (ਸ਼ਗਨ ਕਟਾਰੀਆ): ਇਥੇ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਵਿਚ ਹੋਏ ਆਜ਼ਾਦੀ ਦਿਵਸ ਸਮਾਗਮ ਦੌਰਾਨ ਐੱਸਡੀਐੱਮ ਜੈਤੋ ਡਾ. ਮਨਦੀਪ ਕੌਰ ਨੇ ਕੌਮੀ ਤਿਰੰਗਾ ਲਹਿਰਾਇਆ। ਇਸ ਮੌਕੇ ਜੁਡੀਸ਼ਲ ਮੈਜਿਸਟ੍ਰੇਟ ਜੈਤੋ ਹਰਪ੍ਰੀਤ ਸਿੰਘ, ਤਹਿਸੀਲਦਾਰ ਲਵਪ੍ਰੀਤ ਕੌਰ, ਨਾਇਬ ਤਹਿਸੀਲਦਾਰ ਰਣਵੀਰ ਸਿੰਘ, ਡੀਐਸਪੀ ਪਰਮਿੰਦਰ ਸਿੰਘ, ਸੀਨੀਅਰ ਕਾਂਗਰਸੀ ਆਗੂ ਜਾਵੇਦ ਅਖ਼ਤਰ, ਸੂਰਜ ਭਾਰਦਵਾਜ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਸੁਰਜੀਤ ਸਿੰਘ ਬਾਬਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ ਔਲਖ ਆਦਿ ਮੌਜੂਦ ਸਨ।
ਸਿਰਸਾ (ਪ੍ਰਭੂ ਦਿਆਲ): ਇਥੋਂ ਦੀ ਪੁਲੀਸ ਲਾਈਨ ’ਚ ਜ਼ਿਲ੍ਹਾ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਹਿਸਾਰ ਰੇਂਜ ਦੇ ਕਮਿਸ਼ਨਰ ਚੰਦਰ ਸ਼ੇਖਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਕੌਮੀ ਝੰਡਾ ਲਹਿਰਾਇਆ ਤੇ ਪਰੇਡ ਦੀ ਸਲਾਮੀ ਲਈ।
ਸਕੂਲਾਂ ਵਿੱਚ ਆਜ਼ਾਦੀ ਦਿਹਾੜੇ ਦੇ ਜਸ਼ਨ
ਭਗਤਾ ਭਾਈ (ਪੱਤਰ ਪ੍ਰੇਰਕ): ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਰਣਧੀਰ ਕੌਰ ਕਲੇਰ ਅਤੇ ਪ੍ਰਿੰਸੀਪਲ ਸ਼ਸ਼ੀ ਕਾਂਤ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ।
ਭਾਈਰੂਪਾ (ਪੱਤਰ ਪ੍ਰੇਰਕ): ਗੁਰੂਕੁਲ ਇੰਟਰਨੈਸ਼ਨਲ ਸਕੂਲ ਭਾਈਰੂਪਾ ਵਿੱਚ ਪ੍ਰਿੰਸੀਪਲ ਪ੍ਰਸ਼ਾਂਤ ਸਿੰਘ, ਚੇਅਰਮੈਨ ਰੋਹਿਤ ਗਰਗ ਅਤੇ ਆਂਚਲ ਗਰਗ ਦੀ ਅਗਵਾਈ ਹੇਠ ਸੁਤੰਤਰਤਾ ਦਿਵਸ ਮਨਾਇਆ ਗਿਆ।
ਤਪਾ ਮੰਡੀ (ਪੱਤਰ ਪ੍ਰੇਰਕ): ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਪਾ ਵਿਚ 75ਵਾਂ Eਜ਼ਾਦੀ ਦਿਹਾੜਾ ਮਨਾਇਆ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਝੰਡਾ ਲਹਿਰਾਇਆ ਗਿਆ।
ਮਹਿਲ ਕਲਾਂ (ਪੱਤਰ ਪ੍ਰੇਰਕ) ਵਿੱਦਿਆਕ ਸੰਸਥਾ ਗੁਰਪ੍ਰੀਤ ਹੋਲੀ ਹਰਟ ਪਬਲਿਕ ਸਕੂਲ ਮਹਿਲ ਕਲਾਂ ਵਿੱਚ ਵਿਦਿਆਰਥੀਆਂ ਵੱਲੋਂ ਆਜ਼ਾਦੀ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਐੱਮਡੀ ਸੁਸ਼ੀਲ ਗੋਇਲ ਵੱਲੋਂ ਤਿਰੰਗਾ ਝੰਡਾ ਲਹਿਰਾਕੇ ਕੀਤੀ ਗਈ ਤੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ ਦੇਸ਼ ਭਗਤੀ ਦੇ ਗੀਤ/ਨਾਟਕ ਪੇਸ਼ ਕੀਤੇ।