ਪਵਨ ਗੋਇਲ
ਭੁੱਚੋ ਮੰਡੀ, 23 ਜੁਲਾਈ
ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਅਤੇ ਰਿਸਰਚ ਤੇ ਹਸਪਤਾਲ ਭੁੱਚੋ ਖੁਰਦ ਵਿੱਚ ਸੁਰੱਖਿਆ ਕਰਮੀ ਲੜਕੀਆਂ ਤੇ ਸਹਾਇਕ ਕਰਮਚਾਰੀਆਂ ਨੇ ਹਸਪਤਾਲ ਦੇ ਮੁੱਖ ਗੇਟ ਅੱਗੇ ਸੁਰੱਖਿਆ ਅਫਸਰਾਂ ਦੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਕਿਸਾਨ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਦੋਵੇਂ ਧਿਰਾਂ ਨੂੰ ਅੱਜ ਥਾਣਾ ਛਾਉਣੀ ਬੁਲਾਇਆ ਗਿਆ ਸੀ, ਪਰ ਮਾਮਲਾ ਹੱਲ ਨਹੀਂ ਹੋਇਆ।
ਇਸ ਮੌਕੇ ਧਰਨਾਕਾਰੀ ਆਗੂ ਮਨਪ੍ਰੀਤ ਕੌਰ, ਸਰਬਜੀਤ ਕੌਰ, ਸੋਮਾ ਕੌਰ, ਸੁਖਦੀਪ ਕੌਰ ਅਤੇ ਰਮਨਦੀਪ ਕੌਰ ਨੇ ਦੱਸਿਆ ਕਿ ਉਹ ਇੱਕ ਨਿੱਜੀ ਸੁਰੱਖਿਆ ਏਜੰਸੀ ਵਿੱਚ ਕੰਮ ਕਰਦੀਆਂ ਹਨ। ਉਨ੍ਹਾਂ ਨੂੰ ਇੱਕ ਸੁਰੱਖਿਆ ਅਫਸਰ ਕਥਿਤ ਗੈਰ ਮਿਆਰੀ ਭਾਸ਼ਾ ਬੋਲ ਕੇ ਉਨ੍ਹਾਂ ਨਾਲ ਦੁਰਵਿਹਾਰ ਕਰਦਾ ਹੈ। ਇਹ ਮਾਮਲਾ ਏਜੰਸੀ ਦੇ ਮਾਲਕ ਜਗਮੋਹਣ ਮੱਕੜ ਤੇ ਵਿਵੇਕ ਜੈਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਅਤੇ ਸਰੱਖਿਆ ਅਫਸਰ ਵੱਲੋਂ ਕੀਤੀਆਂ ਗਈਆਂ ਗਲਤ ਗੱਲਾਂ ਦੀ ਰਿਕਾਰਡਿੰਗ ਵੀ ਸੁਣਾਈ ਗਈ ਸੀ। ਇਸ ਆਧਾਰ ’ਤੇ ਉਸ ਨੂੰ ਏਜੰਸੀ ਨੇ ਇੱਕ ਵਾਰ ਨੌਕਰੀ ਤੋਂ ਪਾਸੇ ਕਰ ਦਿੱਤਾ ਸੀ। ਹੁਣ ਦੁਬਾਰਾ ਫਿਰ ਕੰਪਨੀ ਵੱਲੋਂ ਉਸ ਨੂੰ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ ਅਤੇ ਉਹ ਪਹਿਲਾਂ ਦੀ ਤਰ੍ਹਾਂ ਦੁਰਵਿਹਾਰ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਡਿਊਟੀ ਇਸ ਸੁਰੱਖਿਆ ਅਫਸਰ ਅਧੀਨ ਨਾ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਥਾਣਾ ਛਾਉਣੀ ਦੀ ਪੁਲੀਸ ਨੂੰ 20 ਜੁਲਾਈ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਤੇ ਉਹ ਡੀਐੱਸਪੀ ਨੂੰ ਵੀ ਮਿਲੀਆਂ ਸਨ, ਪਰ ਪੁਲੀਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਇਸ ਸਬੰਧੀ ਥਾਣਾ ਛਾਉਣੀ ਦੇ ਐੱਸਐੱਚਓ ਪਰਮਪਾਰਸ ਸਿੰਘ ਚਹਿਲ ਨੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਚੱਲ ਰਹੀ ਹੈ। ਲੜਕੀਆਂ ਨੇ ਹਾਲੇ ਤੱਕ ਆਪਣੇ ਬਿਆਨ ਦਰਜ ਨਹੀਂ ਕਰਵਾਏ। ਉਸ ਤੋਂ ਬਾਅਦ ਹੀ ਐੱਫਆਈਆਰ ਦਰਜ ਹੋ ਸਕੇਗੀ।ਦੋਵੇਂ ਧਿਰਾਂ ਦੀ ਡੀਐੱਸਪੀ ਨਾਲ ਮੀਟੰਗ ਵੀ ਕਰਵਾਈ ਜਾਵੇਗੀ।