ਜੋਗਿੰਦਰ ਸਿੰਘ ਮਾਨ
ਮਾਨਸਾ, 5 ਅਗਸਤ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਅੱਜ ਇਥੇ ਵਰਦੇ ਮੀਂਹ ਵਿੱਚ ਵੀ ਮਜ਼ਦੂਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਣਮਿਥੇ ਸਮੇਂ ਤੱਕ ਮਜ਼ਦੂਰ ਮੰਗਾਂ ਨੂੰ ਲੈ ਕੇ ਦਿਨ-ਰਾਤ ਦਾ ਪੱਕਾ ਮਜ਼ਦੂਰ ਮੋਰਚਾ ਆਰੰਭ ਕਰ ਦਿੱਤਾ ਹੈ, ਜਿਸ ਦੇ ਮੰਗਾਂ ਦੀ ਪੂਰਤੀ ਤੱਕ ਜਾਰੀ ਰਹਿਣ ਦਾ ਮੰਚ ਤੋਂ ਐਲਾਨ ਕੀਤਾ ਗਿਆ। ਧਰਨਾਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੰਬੇ ਸਮੇਂ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਲਈ ਅਨੇਕਾਂ ਵਾਰ ਮੰਗ ਪੱਤਰ ਦੇਣ, ਮੁੱਖ ਮੰਤਰੀ ਨੂੰ ਮਿਲਣ ਅਤੇ ਹੋਰ ਚਾਰਾਜੋਈਆਂ ਕਰਨ ਤੋਂ ਬਾਅਦ ਵੀ ਜਦੋਂ ਕੋਈ ਹੱਲ ਨਾ ਹੋਇਆ ਤਾਂ ਅੱਜ ਪੱਕੇ ਤੌਰ ’ਤੇ ਧਰਨਾ ਲਾਉਣਾ ਪਿਆ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਅਕਾਲੀ-ਕਾਂਗਰਸੀਆਂ ਦੇ ਮਾੜੇ ਹਾਲ ਤੋਂ ਨਿਰਾਸ਼ ਪੰਜਾਬ ਦੇ ਲੋਕਾਂ ਨੇ ਨਵੀਂ ਬਣੀ ਸਰਕਾਰ ਤੋਂ ਵੱਡੀ ਆਸ ਲਗਾਈ ਸੀ, ਪਰ ਇਸ ਹਕੂਮਤ ਵਲੋਂ ਵੀ ਮਜ਼ਦੂਰ ਜਮਾਤ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈੈ।