ਪੱਤਰ ਪ੍ਰੇਰਕ
ਟੱਲੇਵਾਲ, 20 ਫ਼ਰਵਰੀ
ਪੰਜਾਬ ਦੀਆਂ ਅੱਜ ਵਿਧਾਨ ਸਭਾ ਚੋਣਾਂ ਦੌਰਾਨ ਸਭ ਤੋਂ ਵੱਧ ਹੈਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੋਲਿੰਗ ਬੂਥਾਂ ਨੇ ਕੀਤਾ। ਇਸ ਵਾਰ ਪਿੰਡਾਂ ਵਿੱਚ ਮਾਨ ਦਲ ਦੇ ਬੂਥਾਂ ’ਤੇ ਸਭ ਤੋਂ ਵੱਧ ਰੌਣਕ ਦੇਖੀ ਗਈ। ਇਸ ਕਰਕੇ ਇਸ ਵਾਰ ਮਾਨ ਦਲ ਦੀ ਵੋਟ ਫ਼ੀਸਦ ਕਈ ਗੁਣਾ ਵਧਣ ਦੇ ਆਸਾਰ ਹਨ। ਸਿਆਸੀ ਮਾਹਿਰਾਂ ਅਨੁਸਾਰ ਦੀਪ ਸਿੱਧੂ ਦੀ ਮੌਤ ਕਾਰਨ ਸ਼੍ਰੋਮਣੀ ਅਕਾਲੀ ਦਲ (ਅ) ਨੂੰ ਹਮਦਰਦੀ ਦਾ ਫ਼ਾਇਦਾ ਹੁੰਦਾ ਦਿਖਾਈ ਦੇ ਰਿਹਾ ਹੈ।
ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚੱਲੀ ਮੁਹਿੰਮ ਕਰਕੇ ਨੌਜਵਾਨ ਤਬਕਾ ਵੱਡੇ ਪੱਧਰ ’ਤੇ ਸ਼੍ਰੋਮਣੀ ਅਕਾਲੀ ਦਲ (ਅ) ਨਾਲ ਜੁੜਿਆ, ਇਸ ਦਾ ਅਸਰ ਅੱਜ ਚੋਣ ਦੌਰਾਨ ਜ਼ਮੀਨੀ ਪੱਧਰ ’ਤੇ ਵੀ ਦਿਖਾਈ ਦਿੱਤਾ। ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪੋਲਿੰਗ ਬੂਥਾਂ ’ਤੇ ਦੀਪ ਸਿੱਧੂ ਦੀਆਂ ਤਸਵੀਰਾਂ ਨਾਲ ਫ਼ਲੈਕਸ ਲਗਾਏ ਗਏ ਸਨ। ਮਾਨ ਦਲ ਨੂੰ ਵਧਣ ਵਾਲੀ ਵੋਟ ਦਾ ਨੁਕਸਾਨ ਸਭ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਹੋਣ ਦੇ ਆਸਾਰ ਹਨ।