ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 5 ਜੁਲਾਈ
ਮੁਕਤਸਰ ਵਿੱਚ ਬੁੱਚੜਖਾਨੇ ਵਾਲੀ ਖਸਤਾ ਇਮਾਰਤ ਵਿੱਚ ਹੀ ਇਕ ਮੇਜ਼ ਵਾਲਾ ਆਪ੍ਰੇਸ਼ਨ ਥਿਏਟਰ ਬਣਾ ਕੇ ਅਵਾਰਾ ਕੁੱਤਿਆਂ ਦੇ ਨਸਬੰਦੀ ਤੇ ਨਲਬੰਦੀ ਆਪ੍ਰੇਸ਼ਨ ਸ਼ੁਰੂ ਕਰ ਦਿੱਤੇ ਹਨ। ਹੋਰ ਤਾਂ ਹੋਰ ਕੁੱਤਿਆਂ ਨੂੰ ਤਾੜਣ ਵਾਲੇ ਇੱਟਾਂ ਦੇ ਪਿੰਜਰਿਆਂ ਨੂੰ ਬੂਹੇ ਵੀ ਨਹੀਂ ਲਾਏ ਗਏ। ਸਿਹਤ ਸਹੂਲਤਾਂ ਦੀ ਇਸ ਘਾਟ ਦਾ ਪਤਾ ਲੱਗਣ ’ਤੇ ਪਸ਼ੂ ਪ੍ਰੇਮੀਆਂ ਵੱਲੋਂ ਇਤਰਾਜ਼ ਕਰਨ ਮਗਰੋਂ ਹੁਣ ਕੱਚੇ-ਪੱਕੇ ਪ੍ਰਬੰਧ ਕੀਤੇ ਜਾ ਰਹੇ ਹਨ। ਸੂਤਰਾਂ ਅਨੁਸਾਰ ਮੁਕਤਸਰ ਨਗਰ ਕੌਂਸਲ ਵੱਲੋਂ ਰਾਜਸਥਾਨ ਦੇ ਗਰਾਮ ਸਵਰਾਜ ਵਿਕਾਸ ਤੇ ਉਥਾਨ ਸੰਸਥਾ ਸ੍ਰੀ ਗੰਗਾਨਗਰ ਨੂੰ 500 ਕੁੱਤਿਆਂ ਦੇ ਅਪ੍ਰੇਸ਼ਨ ਦਾ ਠੇਕਾ ਕਰੀਬ 2000 ਰੁਪਏ ਪ੍ਰਤੀ ਕੁੱਤੇ ਦੇ ਹਿਸਾਬ ਦਿੱਤਾ ਹੈ। ਪਸ਼ੂ ਪ੍ਰੇਮੀ ਕੰਦਮਨੀ ਅਰੋੜਾ, ਅਨਮੋਲ ਬੁੱਧਰਾਜ, ਸਾਗਰ, ਸੁਨੀਲ ਕੁਮਾਰ ਹੋਰਾਂ ਨੇ ਦੱਸਿਆ ਕਿ ਜਿਸ ਜਗ੍ਹਾ ’ਤੇ ਆਪ੍ਰੇਸ਼ਨ ਕੀਤੇ ਜਾਣੇ ਹਨ ਉਥੇ ਪਹਿਲਾਂ ਬੁੱਚੜਖਾਨਾ ਹੁੰਦਾ ਸੀ। ਉਥੇ ਨਾ ਤਾਂ ਢੁੱਕਵਾਂ ਅਪ੍ਰੇਸ਼ਨ ਥਿਏਟਰ ਹੈ ਤੇ ਨਾ ਹੀ ਕੁੱਤਿਆਂ ਦੀ ਸੰਭਾਲ ਦਾ ਕੋਈ ਪ੍ਰਬੰਧ ਹੈ। ਪਿੰਜਰਿਆਂ ਨੂੰ ਬੂਹੇ ਵੀ ਨਹੀਂ ਲੱਗੇ। ਇਕ ਪਿੰਜਰੇ ਵਿੱਚ 20 ਕੁੱਤੇ ਤਾੜੇ ਪਏ ਹਨ। ਉਹ ਆਪਸ ਵਿੱਚ ਲੜ ਸਕਦੇ ਹਨ। ਅਜਿਹੀ ਸਥਿਤੀ ਵਿੱਚ ਕੁੱਤਿਆਂ ਦੀ ਜਾਨ ਨੂੰ ਭਾਰੀ ਖਤਰਾ ਹੈ। ਅਪ੍ਰੇਸ਼ਨ ਤੋਂ ਪਹਿਲਾਂ ‘ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ’ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪ੍ਰਬੰਧ ਪੂਰੇ ਕੀਤੇ ਜਾਣ। ਘੱਟੋ-ਘੱਟ ਸੱਤ ਦਿਨ ਡਾਕਟਰੀ ਨਿਗਰਾਨੀ ਜ਼ਰੂਰੀ ਹੈ। ਬਾਰਸ਼ਾਂ ਕਰਕੇ ਇਨਫੈਕਸ਼ਨ ਹੋਣ ਦਾ ਭਾਰੀ ਖਤਰਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਸ਼ੂ ਪ੍ਰੇਮੀ ਖੁਦ ਇਸ ਮਿਸ਼ਨ ਵਿੱਚ ਮਦਦ ਲਈ ਤਿਆਰ ਬਸ਼ਰਤੇ ਸਹੂਲਤਾਂ ਮੁਕੰਮਲ ਹੋਣ। ਗਰਾਮ ਸਵਰਾਜ ਵਿਕਾਸ ਤੇ ਉਥਾਨ ਸੰਸਥਾ ਸ੍ਰੀ ਗੰਗਾਨਗਰ ਦੇ ਮੈਨੇਜਰ ਰਾਮ ਪ੍ਰਤਾਪ ਗੋਸਵਾਮੀ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਪੰਜਾਬ ਤੇ ਰਾਜਸਥਾਨ ਵਿੱਚ ਕਾਫੀ ਕੁੱਤਿਆਂ ਦੇ ਅਪ੍ਰੇਸ਼ਨ ਕਰ ਚੁੱਕੇ ਹਨ। ਉਹ ਅਪ੍ਰੇਸ਼ਨ ਦੌਰਾਨ ਕੁੱਤਿਆਂ ਦੀ ਪੂਰੀ ਸੰਭਾਲ ਕਰਨਗੇ। ਜਿਹੜੀਆਂ ਕਮੀਆਂ ਰਹਿੰਦੀਆਂ ਹਨ ਉਹ ਜਲਦੀ ਹੀ ਪੂਰੀਆਂ ਕਰ ਲਈਆਂ ਜਾਣਗੀਆਂ।
ਪਸ਼ੂ ਵਿਭਾਗ ਦੇ ਤਕਨੀਕੀ ਨਿਗਰਾਨ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਕਟਾਰੀਆ ਨੇ ਕਿਹਾ ਕਿ ਉਹ ਜਲਦੀ ਹੀ ਪ੍ਰਸ਼ਾਸਨ ਨਾਲ ਬੈਠਕ ਕਰਕੇ ਸਥਿਤੀ ਸਪੱਸ਼ਟ ਕਰਨਗੇ।