ਰਵਿੰਦਰ ਰਵੀ
ਬਰਨਾਲਾ, 20 ਅਗਸਤ
ਇੱਥੋਂ ਦੇ ਬਾਈਐੱਸ ਸਕੂਲ ਵਿੱਚ ਵੀਕੇ ਜ਼ੋਸੀ ਪੰਜਾਬ ਰਾਜ ਸ਼ਤਰੰਜ ਟੂਰਨਾਮੈਂਟ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤਾ ਗਿਆ। ਇਸ ਮੌਕੇ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਜਿਹੇ ਟੂਰਨਾਮੈਂਟ ਪੰਜਾਬ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਅਤੇ ਬੱਚਿਆਂ ਦੇ ਦਿਮਾਗੀ ਪੱਧਰ ਨੂੰ ਉੱਚਾ ਚੁੱਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਧਿਆਨ ਨਾ ਦੇਣ ਕਾਰਨ ਪੰਜਾਬ ਹੋਰਨਾਂ ਸੂਬਿਆਂ ਦੇ ਮੁਕਾਬਲੇ ਪਿੱਛੇ ਹੈ ਪਰ ‘ਆਪ’ ਸਰਕਾਰ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਵਿੱਚ ਹਰਿਆਣਾ ਨੇ 36 ਤਗ਼ਮੇ ਜਿੱਤੇ ਪਰ ਪੰਜਾਬ 6 ਤੱਕ ਹੀ ਪਹੁੰਚ ਸਕਿਆ, ਜਿਸ ਦਾ ਕਾਰਨ ਪੁਰਾਣੀਆਂ ਸਰਕਾਰ ਵੱਲੋਂ ਖਿਡਾਰੀਆਂ ਵੱਲ ਧਿਆਨ ਨਾ ਦੇਣਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੂਬਾ ਪੱਧਰੀ ਖੇਡ ਮੇਲਾ ਕਰਵਾਇਆ ਜਾਵੇਗਾ, ਜੋ ਹੁਣ ਤੱਕ ਦੇ ਖੇਡ ਮੇਲਿਆਂ ਤੋਂ ਵੱਖਰਾ ਹੋਵੇਗਾ। ਟੂਰਨਾਂਮੈਂਟ ਵਿੱਚ 16 ਸਾਲ ਤੋਂ ਘੱਟ ਉਮਰ ਦੇ ਪਹਿਲਾ ਗਰੁਪ ਵਿੱਚ 120 ਖਿਡਾਰੀਆਂ ਅਤੇ 16 ਤੋਂ ਬਾਅਦ ਉਪਨ ਦੇ ਦੂਜੇ ਗਰੁੱਪ ਵਿੱਚ 43 ਖਿਡਾਰੀਆਂ ਨੇ ਭਾਗ ਲਿਆ। ਇਸ ਸਮੇਂ ਐਸੋਸੀਏਸ਼ਨ ਦੇ ਨੀਲ ਕੰਠ ਸ਼ਰਮਾ ਅਤੇ ਜਰਨਲ ਸੈਕਟਰੀ ਜੁਨੀਦਰ ਜੋਸ਼ੀ ਨੇ ਕਿਹਾ ਕਿ ਐਸੋਸੀਏਸਨ ਵੱਲੋਂ ਪਿਛਲੇ ਸਮੇਂ ਤੋਂ ਲੋਕ ਭਲਾਈ ਕੰਮ ਕਰਦੀ ਆ ਰਹੀ ਹੈ। ਉਨ੍ਹਾਂ ਆਏ ਖਿਡਾਰੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਰਹੂਮ ਵੀ.ਕੇ. ਜੋਸ਼ੀ ਦੀ ਪਤਨੀ ਸੁਰਿੰਦਰਾ ਜੋਸ਼ੀ ਨੇ ਐਸੋਸੀਏਸ਼ਨ ਨੂੰ 11 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਸੌਂਪ ਕੇ ਮੈਂਬਰਾਂ ਦੀ ਹੌਂਸਲਾ ਅਫਜ਼ਾਈ ਕੀਤੀ।