ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 12 ਜਨਵਰੀ
ਪਠਾਨਕੋਟ ਤੋਂ ਸਮਖਿਆਲਿਆ (ਗੁਜਰਾਤ) ਤੱਕ ਪਹੁੰਚਦੇ ਕੌਮੀ ਮਾਰਗ ਨੰਬਰ 15 ’ਤੇ ਸਥਿਤ ਮਾਲਵਾ ਪੱਟੀ ਦੇ ਸ਼ਹਿਰ ਕੋਟਕਪੂਰਾ ’ਚ ਕੋਟਕਪੂਰਾ-ਫ਼ਰੀਦਕੋਟ ਰੋਡ ’ਤੇ ਬ੍ਰਹਮਪੁੱਤਰ ਇਨਫ਼ਰਾਸਟਰੱਕਚਰ ਕੰਪਨੀ ਮੁੰਬਈ ਵੱਲੋਂ ਕਰੀਬ 115 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਫਲਾਈਓਵਰ ਨੂੰ ਅੱਜ ਪ੍ਰਸ਼ਾਸਨ ਤੇ ਸੱਤਾਧਾਰੀ ਧਿਰ ਕਾਂਗਰਸ ਨੇ ਬਹੁਤ ਹੀ ਸਾਦੇ ਢੰਗ ਨਾਲ ਲੋਕ ਅਰਪਿਤ ਕਰ ਦਿੱਤਾ।
ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਤੇ ਭੋਗ ਪੈਣ ਮਗਰੋਂ ਫਲਾਈਓਵਰ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਇਸ ਮੌਕੇ ਵਿਧਾਇਕ ਕੁਸ਼ਲਦੀਪ ਢਿੱਲੋਂ, ਰਾਹੁਲ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਤੇ ਸੀਨੀਅਰ ਆਗੂ ਮਹਾਸ਼ਾ ਲਖਵੰਤ ਸਿੰਘ ਬਰਾੜ ਹਾਜ਼ਰ ਸਨ।
ਦੱਸਣਯੋਗ ਹੈ ਕਿ ਕਾਂਗਰਸ ਕੋਲ ਪੁਲ ਦੇ ਉਦਘਾਟਨੀ ਸਮਾਗਮ ਮੌਕੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਵਿੱਚ ਗੁਆਉਣ ਦਾ ਢੁੱਕਵਾਂ ਮੌਕਾ ਸੀ ਤੇ ਆਗੂ ਇਸ ਦੀ ਉਡੀਕ ਬੇਸਬਰੀ ਨਾਲ ਕਰ ਰਹੇ ਸਨ ਪਰ ਮੌਕੇ ’ਤੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫ਼ੇਰ ਕੇ ਰੱਖ ਦਿੱਤਾ। ਉਦਘਾਟਨ ਤੋਂ ਇਕ ਦਿਨ ਪਹਿਲਾਂ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਆਪਣੇ ਸਮਰਥਕਾਂ ਨਾਲ ਪੁਲ ਵਾਲੀ ਜਗ੍ਹਾ ’ਤੇ ਪਹੁੰਚ ਕੇ ਲੱਗੀਆਂ ਰੋਕਾਂ ਨੂੰ ਹਟਾ ਕੇ ਆਵਾਜਾਈ ਸ਼ੁਰੂ ਕਰਵਾ ਦਿੱਤੀ ਗਈ ਤੇ ਉਨ੍ਹਾਂ ਵੱਲੋਂ ਪੁਲ ਦਾ ਉਦਘਾਟਨ ਹੋ ਗਿਆ ਸੀ। ਇਹ ਵੱਖਰੀ ਗੱਲ ਹੈ ਕਿ ਥੋੜ੍ਹੀ ਦੇਰ ਮਗਰੋਂ ਫ਼ੇਰ ਪੁਲ ਦੇ ਦੋਵਾਂ ਪਾਸੇ ਪ੍ਰਸ਼ਾਸਨ ਨੇ ਪੱਥਰ ਲਗਵਾ ਕੇ ਆਵਾਜਾਈ ਰੋਕ ਦਿੱਤੀ ਸੀ। ਜ਼ਿਕਰਯੋਗ ਹੈ ਕਿ ਪੁਲ ਨਿਰਮਾਣ ਸ਼ੁਰੂ ਕਰਵਾਉਣ ਵਿੱਚ ਤਤਕਾਲੀ ਅਕਾਲੀ-ਭਾਜਪਾ ਸਰਕਾਰ ਦੀ ਅਹਿਮ ਭੂਮਿਕਾ ਰਹੀ ਹੈ। ਇਹ ਕੰਮ ਅਗਸਤ 2016 ਵਿੱਚ ਸ਼ੁਰੂ ਹੋਇਆ ਸੀ ਤੇ ਇਸ ਨੂੰ ਬਣਾਉਣ ਦਾ 18 ਮਹੀਨੇ ਦਾ ਟੀਚਾ ਸੀ ਪਰ ਕਈ ਤਰ੍ਹਾਂ ਦੀਆਂ ਅਟਕਲਾਂ ਪਿੱਛੋਂ ਪੌਣੇ ਚਾਰ ਸਾਲਾਂ ਵਿੱਚ ਨਿਰਮਾਣ ਕਾਰਜ ਮੁਕੰਮਲ ਹੋ ਗਿਆ।