ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਸਤੰਬਰ
ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ਵਿੱਚ ਦਰਸਾਏ ਕੁਦਰਤ ਨਾਲ ਜੁੜਨ ਦੇ ਸੰਦੇਸ਼ ਦੇ ਮਕਸਦ ਨਾਲ ਈਕੋ ਸਿੱਖ ਸੰਸਥਾ ਵੱਲੋਂ ਪੈਟਲਸ ਸੰਸਥਾ ਦੇ ਸਹਿਯੋਗ ਨਾਲ ਇਤਿਹਾਸਕ ਪਿੰਡ ਪੱਤੋ ਹੀਰਾ ਸਿੰਘ ’ਚ ਇੱਕ ਵਿਲੱਖਣ ਬਾਗ ਦੀ ਸਿਰਜਣਾ ਕੀਤੀ ਗਈ ਹੈ। ਉਨ੍ਹਾਂ ਇੱਥੇ 5 ਏਕੜ ਜ਼ਮੀਨ ਵਿੱਚ 58 ਉਨ੍ਹਾਂ ਪੌਦਿਆਂ, ਝਾੜੀਆਂ, ਫਸਲਾਂ ਸਮੇਤ 6 ਹਜ਼ਾਰ ਪੌਦੇ ਲਗਾਏ ਹਨ।
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਆਪਣੇ ਕਿਸਮ ਦਾ ਪਹਿਲੇ ‘ਗੁਰੂ ਗ੍ਰੰਥ ਸਾਹਿਬ ਬਾਗ’ ਦੇ ਉਦਘਾਟਨੀ ਸਮਾਗਮ ’ਚ ਵਾਤਾਵਰਨ, ਕਲਾ ਅਤੇ ਸਿੱਖ ਸਮਾਜ ਨਾਲ ਜੁੜੀਆਂ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਤੇ ਕਵੀ ਸੁਰਜੀਤ ਪਾਤਰ ਨੇ ਈਕੋ ਸਿੱਖ ਅਤੇ ਪਿੰਡ ਵਾਸੀਆਂ ਨੂੰ ਇਸ ਕਾਰਜ ਲਈ ਵਧਾਈ ਦਿੰਦੇ ਕਿਹਾ, “ਇਹ ਬਾਗ ਸਾਨੂੰ ਜ਼ਿੰਦਗੀ ਵਿੱਚ ਕੁਦਰਤ ਦੇ ਮਹੱਤਵ ਦੀ ਯਾਦ ਦਿਵਾਉਂਦਿਆਂ ਆਪਣੇ ਆਲੇ-ਦੁਆਲੇ ਦੇ ਜੀਆਂ-ਜੰਤਾਂ ਪ੍ਰਤੀ ਦਇਆ ਭਾਵ ਰੱਖਣ ਲਈ ਪ੍ਰੇਰਦਾ ਹੈ।” ਉਨ੍ਹਾਂ ਕਿਹਾ ਕਿ ਬਾਗ ਦੁਨੀਆਂ ਭਰ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਤੇ ਜੀਵਨ ਜਾਚ ਸਿੱਖਣ ਦਾ ਕੇਂਦਰ ਸਾਬਤ ਹੋਵੇਗਾ। ਸਾਬਕਾ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਕੁਦਰਤ ਨੂੰ ਜ਼ਿੰਦਗੀ ਦੇ ਅਰਥ ਸਮਝਾਉਣ ਲਈ ਵਰਤਿਆ। ਗੁਰੂ ਗ੍ਰੰਥ ਸਾਹਿਬ ਬਾਗ ਦਾ ਉਪਰਾਲਾ ਇਸ ਸਿੱਖਿਆ ਨੂੰ ਬੜੀ ਖੂਬਸੂਰਤੀ ਨਾਲ ਸਾਹਮਣੇ ਲਿਆਉਂਦਾ ਹੈ। ਈਕੋਸਿੱਖ ਭਾਰਤ ਇਕਾਈ ਪ੍ਰਧਾਨ ਸੁਪ੍ਰੀਤ ਕੌਰ ਨੇ ਕਿਹਾ ਕਿ ਇਹ ਬਾਗ ਹਰ ਧਰਮ ਦੇ ਵਾਤਾਵਰਨ ਪ੍ਰੇਮੀਆਂ ਲਈ ਅਤੇ ਵਿਸ਼ਵ ਪੱਧਰ ਦੀਆਂ ਯੂਨੀਵਰਸਿਟੀਆਂ ਵਿੱਚ ਖੋਜ ਕਰ ਰਹੇ ਵਿਦਿਆਰਥੀਆਂ ਲਈ ਵੀ ਗਿਆਨ ਦਾ ਕੇਂਦਰ ਬਣਕੇ ਉੱਭਰੇਗਾ। ਉਨ੍ਹਾਂ ਕਿਹਾ ਕਿ ਈਕੋਸਿੱਖ ਵੱਲੋਂ ਸੰਗਤ ਦੇ ਸਹਿਯੋਗ ਨਾਲ ਹੁਣ ਤੱਕ ਸੂਬੇ ਵਿੱਚ 350 ਤੋਂ ਵੱਧ ਗੁਰੂ ਨਾਨਕ ਜੰਗਲ ਲਗਾਏ ਜਾ ਚੁੱਕੇ ਹਨ। ਏਫੌਰੇਸਟ ਸੰਸਥਾ ਦੇ ਸੰਸਥਾਪਕ ਸ਼ੁਭੇਂਦੂ ਸ਼ਰਮਾ ਨੇ ਕਿਹਾ ਕਿ ਉਸ ਨੂੰ ਬਾਗ ਵਿੱਚ ਆ ਕੇ ਇੱਕ ਵੱਖਰੀ ਕਿਸਮ ਦਾ ਅਹਿਸਾਸ ਹੋਇਆ ਹੈ। ਇਸ ਮੌਕੇ ਡੀਸੀ ਸੰਦੀਪ ਹੰਸ, ਬੀਰ ਸਿੰਘ (ਲੇਖਕ ਅਤੇ ਗਾਇਕ), ਜਸਵੰਤ ਸਿੰਘ ਜ਼ਫਰ (ਕਵੀ), ਬਲਵਿੰਦਰ ਸਿੰਘ ਲੱਖੇਵਾਲੀ (ਵਾਤਾਵਰਨ ਮਾਹਿਰ), ਸੁਖਚੈਨ ਸਿੰਘ (ਪੱਤੋ ਹੀਰਾ ਸਿੰਘ), ਚਰਨ ਸਿੰਘ ਮੁੰਬਈ, ਸੰਤ ਗੁਰਮੀਤ ਸਿੰਘ ਖੋਸਾ ਹਾਜ਼ਰ ਸਨ।
ਗੁਰੂ ਗ੍ਰੰਥ ਸਾਿਹਬ ’ਚ ਦਰਜ 58 ਨਸਲਾਂ ਦੇ ਪੌਦੇ ਲਾਏ
ਈਕੋਸਿੱਖ ਦੇ ਦੱਖਣੀ ਏਸ਼ੀਆ ਪ੍ਰਾਜੈਕਟ ਪ੍ਰਬੰਧਕ ਰਵਨੀਤ ਸਿੰਘ ਨੇ ਪੈਟਲਸ ਸੁਸਾਇਟੀ ਵੱਲੋਂ ਬਾਗ ਲਈ ਜ਼ਮੀਨ ਦਾਨ ਦੇਣ ਦਾ ਧੰਨਵਾਦ ਕਰਦੇ ਆਖਿਆ ਕਿ ਬਾਗ ਪੰਜ ਏਕੜ ਵਿੱਚ ਫੈਲੀ ਦੁਨੀਆ ਦੀ ਪਹਿਲੀ ਰਮਣੀਕ ਥਾਂ ਹੈ। ਪੱਤੋ ਹੀਰਾ ਸਿੰਘ ਦੁਨੀਆ ਭਰ ਵਿੱਚ ਅਜਿਹਾ ਪਹਿਲਾ ਅਸਥਾਨ ਬਣਨ ਜਾ ਰਿਹਾ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ 58 ਪਰਜਾਤੀਆਂ ਦੇ ਪੌਦੇ ਇੱਕੋ ਥਾਂ ਲਗਾਏ ਗਏ ਹਨ।