ਪੱਤਰ ਪ੍ਰੇਰਕ
ਮਾਨਸਾ, 13 ਅਕਤੂਬਰ
ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿੱਚ ਖਾਲੀ ਜਗ੍ਹਾ ’ਤੇ ਈਕੋ ਪਾਰਕ ਤਿਆਰ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ. ਬੈਨਿਥ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਇਸ ਈਕੋ ਪਾਰਕ ਵਿੱਚ 37 ਪਰਜਾਤੀਆਂ ਦੇ 4400 ਪੌਦੇ ਲਗਾਏ ਗਏ ਅਤੇ 1300 ਪੌਦੇ ਹੋਰ ਲਗਾਏ ਜਾਣੇ ਹਨ। ਇਹ ਪੌਦੇ ਰਾਊਂਡ ਗਲਾਸ ਫਾਊਂਡੇਸ਼ਨ, ਜੰਗਲਾਤ ਵਿਭਾਗ ਅਤੇ ਮਨਰੇਗਾ ਸਕੀਮ ਅਧੀਨ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਪਾਰਕ ਵਿੱਚ ਸੈਰ ਕਰਨ ਲਈ ਪਾਥ ਬਣਾਏ ਜਾਣਗੇ, ਜਿਸਦੀ ਲੰਬਾਈ ਲਗਭਗ 700 ਮੀਟਰ ਹੋਵੇਗੀ। ਇਸ ਤੋਂ ਇਲਾਵਾ ਇਸ ਪਾਰਕ ਵਿੱਚ ਵੇਸਟ ਚੀਜ਼ਾਂ ਦੇ ਮਟੀਰੀਅਲ (ਜਿਵੇਂ ਕਿ ਟਾਇਰ, ਬੋਤਲਾਂ ਆਦਿ) ਤੋਂ ਬੈਠਣ ਲਈ ਬੈਂਚ, ਪੰਛੀਆਂ ਲਈ ਆਲ੍ਹਣੇ ਤਿਆਰ ਕੀਤੇ ਗਏ ਹਨ, ਜਿਸ ਨਾਲ ਕੁੜੇ ਦੀ ਸੁਚੱਜੀ ਵਰਤੋਂ ਹੋ ਸਕੇਗੀ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿੱਚ ਮੱਦਦ ਮਿਲੇਗੀ।
ਉਨ੍ਹਾਂ ਦੱਸਿਆ ਕਿ ਈਕੋ ਪਾਰਕ ਦਾ ਲੋਗੋ ਵੇਸਟ ਪਲਾਸਟਿਕ ਤੋਂ ਤਿਆਰ ਕੀਤੀਆਂ ਟਾਈਲਾਂ ਨਾਲ ਬਣਾਇਆ ਗਿਆ ਹੈ, ਜੋ ਕਿ ਖਿੱਚ ਦਾ ਕੇਂਦਰ ਬਣਿਆ ਅਤੇ ਸੈਲਫੀ ਪੁਆਇੰਟ ਦੇ ਤੌਰ ’ਤੇ ਵੀ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਟੇਟ ਬੈਂਕ ਆਫ ਇੰਡੀਆ ਵੱਲੋਂ ਸੀ.ਐੱਸ.ਆਰ. ਅਧੀਨ ਸਹਿਯੋਗ ਕੀਤਾ ਗਿਆ ਹੈ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਜਸਕਰਨ ਸਿੰਘ, ਰਘਵੀਰ ਸਿੰਘ ਮਾਨ, ਡਾ. ਸੁਪਨਦੀਪ ਕੌਰ ਆਦਿ ਮੌਜੂਦ ਸਨ।