ਰਾਜਿੰਦਰ ਵਰਮਾ
ਭਦੌੜ, 2 ਫਰਵਰੀ
ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁੱਖ ਦਫ਼ਤਰ ਦਾ ਉਦਘਾਟਨ ਅੱਜ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਨੇ ਕੀਤਾ। ਉਦਘਾਟਨ ਮੌਕੇ ਕਾਂਗਰਸੀ ਵਰਕਰਾਂ ਵਿਚ ਧੜੇਬੰਦੀ ਵੀ ਦੇਖਣ ਨੂੰ ਮਿਲੀ ਤੇ ਕਾਂਗਰਸ ਦੇ ਪੁਰਾਣੇ ਵਰਕਰਾਂ ਨੇ ਇਸ ਸਮਾਗਮ ਤੋਂ ਦੂਰੀ ਬਣਾਈ ਰੱਖੀ।
ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੁਹੰਮਦ ਸਦੀਕ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਦੌੜ ਤੋਂ ਚੋਣ ਲੜਨ ਨਾਲ ਹਲਕੇ ਨੂੰ ਤਰੱਕੀ ਦੀ ਲੀਹ ਉਪਰ ਲਿਜਾਣ ਦਾ ਲੋਕਾਂ ਕੋਲ ਇੱਕ ਅਜਿਹਾ ਸੁਨਹਿਰੀ ਮੌਕਾ ਮਿਲਿਆ ਹੈ, ਜਿਸ ਨੂੰ ਕਿਸੇ ਹਾਲਤ ਵਿਚ ਹੱਥੋਂ ਗਵਾਉਣਾ ਨਹੀਂ ਚਾਹੀਦਾ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਜ਼ਮੀਨੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਕੇ ਲੋਕਾਂ ਦਾ ਦਿਲ ਹੀ ਨਹੀਂ ਜਿੱਤਿਆ ਬਲਕਿ ਆਉਣ ਵਾਲੀ ਸਰਕਾਰ ਦੀ ਨੀਂਹ ਵੀ ਰੱਖੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਲੋਕਾਂ ਦੀ ਭਲਾਈ ਕਰ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ, ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ, ਅਮਰਜੀਤ ਸਿੰਘ ਤਲਵੰਡੀ, ਇੰਦਰਜੀਤ ਸਿੰਘ ਭਿੰਦਾ, ਮੁਨੀਸ਼ ਗਰਗ, ਸੁਸ਼ੀਲ ਬਾਂਸਲ ਮਹਿਲ ਕਲਾਂ, ਸੀਤਾ ਰਾਮ ਲਾਂਬਾ, ਇਕਬਾਲ ਸਿੰਘ, ਸੇਵਕ ਸਿੰਘ ਨੈਣੇਵਾਲ, ਸੂਰਜ ਭਾਰਦਵਾਜ, ਸਾਧੂ ਰਾਮ ਜਰਗਰ ਆਦਿ ਹਾਜ਼ਰ ਸਨ।