ਮਨੋਜ ਸ਼ਰਮਾ
ਗੋਨਿਆਣਾ, 27 ਮਈ
ਜ਼ਿਲ੍ਹਾ ਬਠਿੰਡਾ ਦੇ ਬਲਾਕ ਗੋਨਿਆਣਾ ਮੰਡੀ ਦੇ ਪਹਿਲੇ ਤੇ ਜ਼ਿਲ੍ਹੇ ਦੇ ਦੂਜੇ ਫੁੱਲੀ ਏਸੀ ਸਮਾਰਟ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਦਾ ਉਦਘਾਟਨ ਅੱਜ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਵੱਲੋਂ ਸਕੂਲ ਦੇ ਏਸੀ ਦਾ ਬਟਨ ਦਬਾ ਕੇ ਕੀਤਾ ਗਿਆ। ਇਸ ਮੌਕੇ ਵਿਧਾਇਕ ਵੱਲੋਂ ਨਵੇਂ ਕਮਰੇ ਦਾ ਉਦਘਾਟਨ ਕਰਦਿਆਂ ਸਕੂਲ ਦੇ ਵਿਹੜੇ ਵਿੱਚ ਪੌਦਾ ਵੀ ਲਾਇਆ ਗਿਆ। ਇਸ ਮੌਕੇ ਸਕੂਲ ਸਟਾਫ਼ ਦੇ ਨਾਲ ਨਾਲ ਪਿੰਡ ਪੰਚਾਇਤ ਤੇ ਵੱਡੀ ਗਿਣਤੀ ’ਚ ਮੋਹਤਬਰ ਵੀ ਹਾਜ਼ਰ ਸਨ। ਪਿੰਡ ਕੋਠੇ ਇੰਦਰ ਸਿੰਘ ਵਾਲੇ ਦਾ ਸਰਕਾਰੀ ਐਲੀਮੈਂਟਰੀ ਸਕੂਲ ਜੋ ਆਪਣੀਆਂ ਪ੍ਰਾਪਤੀਆਂ ਲਈ ਜ਼ਿਲ੍ਹੇ ਤੇ ਸੂਬੇ ’ਚ ਆਪਣੀ ਖਾਸ ਪਛਾਣ ਬਣਾ ਚੁੱਕਿਆ ਹੈ। ਲੰਘੇ ਦਿਨੀਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਟਾਫ਼ ਵੱਲੋਂ ਸਕੂਲ ਨੂੰ ਹੁਣ ਫੁਲੀ ਏਸੀ ਕਰ ਦਿੱਤਾ ਗਿਆ ਹੈ। ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਸਾਰੇ ਸਕੂਲ ਦੇ ਕਮਰਿਆਂ ਵਿੱਚ ਜਾ ਕੇ ਸਕੂਲ ਪ੍ਰਬੰਧਾਂ ਨੂੰ ਦੇਖਿਆ ਤੇ ਵਿਦਿਆਰਥੀਆਂ ਨਾਲ ਗੱਲਾਂ ਕੀਤੀਆਂ। ਸਕੂਲ ਅਧਿਆਪਕ ਰਾਜਿੰਦਰ ਸਿੰਘ ਸਿੰਘ ਦੀ ਮਿਹਨਤ ਨੂੰ ਸਲਾਮ ਕਰਦਿਆਂ ਉਸ ਨੂੰ ਸ਼ਾਬਾਸ਼ ਦਿੱਤੀ। ਇਸ ਮੌਕੇ ਸਕੂਲ ਸਟਾਫ ਤੇ ਸਕੂਲ ਮੈਨੇਜਮੈਟ ਕਮੇਟੀ ਨੇ ਸਕੂਲੀ ਵਿਦਿਆਰਥੀਆਂ ਦੀ ਸਿੱਖਿਆ ਦੇ ਪ੍ਰਬੰਧਾਂ ਨੂੰ ਹੋਰ ਵਧੀਆ ਬਣਾਉਣ ਲਈ ਇੰਟਰਐਕਟਿਵ ਬੋਰਡ ਦੇ ਨਾਲ ਨਾਲ ਨਰਸਰੀ ਕਲਾਸਾਂ ਲਈ ਕਮਰੇ, ਸਟਾਫ਼ ਦੀ ਘਾਟ ਪੂਰੀ ਕਰਨ ਤੇ ਸਕੂਲ ਲਈ ਵੱਡੇ ਐਕਟੀਵਿਟੀ ਹਾਲ ਦੀ ਮੰਗ ਰੱਖੀ। ਇਸ ਨੂੰ ਮਾਸਟਰ ਜਗਸੀਰ ਸਿੰਘ ਨੇ ਫੰਡ ਆਉਣ ’ਤੇ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਅਧਿਆਪਕਾ ਸੁਮਨ ਲਤਾ ਨੇ ਸਕੂਲ ਗਤੀਵਿਧੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਮੁਖੀ ਭੁਪਿੰਦਰ ਸਿੰਘ ਨੇ ਵਿਧਾਇਕ ਦਾ ਸਵਾਗਤ ਕੀਤਾ।