ਮੌੜ ਮੰਡੀ (ਕੁਲਦੀਪ ਸਿੰਘ ਭੁੱਲਰ): ਪਿੰਡ ਕੁੱਤੀਵਾਲ ਖੁਰਦ ਦੇ ਕਿਸਾਨਾਂ ਵੱਲੋਂ ਅੱਜ ਗ੍ਰਾਮ ਪੰਚਾਇਤ, ਭਾਰਤੀ ਕਿਸਾਨ ਯੂਨੀਅਨ ਮਾਨਸਾ ਅਤੇ ਕਿਸਾਨ ਸੰਘਰਸ਼ ਕਮੇਟੀ ਕੁੱਤੀਵਾਲ ਖੁਰਦ ਨੇ ਕਿਸਾਨਾਂ ਦੇ ਨਰਮੇ ਦੇ ਖੇਤਾਂ ਦਾ ਦੌਰਾ ਕਰਦਿਆਂ ਗੁਲਾਬੀ ਸੁੰਡੀ ਕਾਰਨ ਤਬਾਹ ਹੋਏ ਕਿਸਾਨਾਂ ਦੀ ਦੁੱਖ ਭਰੀ ਦਾਸਤਾਨ ਸੁਣੀ ਗਈ। ਕਿਸਾਨਾਂ ਨੇ ਜਲੌਰ ਸਿੰਘ ਦੇ ਖੇਤ ’ਚ ਨਰਮੇ ਦੀ ਤਬਾਹੀ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਕਿਸਾਨ ਆਗੂ ਦਿਆ ਸਿੰਘ, ਜਗਤਾਰ ਸਿੰਘ, ਕਰਮ ਸਿੰਘ, ਬਿੱਕਰ ਸਿੰਘ, ਬਲੌਰ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਪਿੰਡ ਕੁੱਤੀਵਾਲ ਖੁਰਦ ’ਚ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਸੌ ਫ਼ੀਸਦੀ ਖ਼ਤਮ ਹੋ ਚੁੱਕੀ ਹੈ। ਜਿਸ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਚੁੱਕਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੇ ਜ਼ਮੀਨਾਂ ਠੇਕੇ ’ਤੇ ਲੈ ਕਿ ਮਹਿੰਗੇ ਬੀਜ, ਖਾਦਾਂ, ਡੀਜ਼ਲ ਅਤੇ ਸਪਰੇਆਂ ਵਰਤ ਕੇ ਨਰਮੇ ਦੀ ਫ਼ਸਲ ਨੂੰ ਪਾਲਿਆ ਸੀ ਪਰ ਜਦੋਂ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਸੀ ਤਾਂ ਗੁਲਾਬੀ ਸੁੰਡੀ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਪੰਜਾਬ ਦੇ ਮੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ 60 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ।