ਪੱਤਰ ਪ੍ਰੇਰਕ
ਕਾਲਾਂਵਾਲੀ, 16 ਅਕਤੂਬਰ
ਇੱਥੋਂ ਦੀ ਪੁਲੀਸ ਵੱਲੋਂ ਬਾਜ਼ਾਰ ’ਚੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਅਪੀਲ ਕੀਤੀ ਜਾ ਰਹੀ ਹੈ, ਉਥੇ ਹੀ ਗਲਤ ਪਾਰਕਿੰਗ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਜਾ ਰਹੇ ਹਨ| ਅੱਜ ਥਾਣਾ ਮੁਖੀ ਚਾਂਦ ਰਾਮ ਨੇ ਪੁਲੀਸ ਟੀਮ ਨਾਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਨਾਕੇ ਲਗਾ ਕੇ ਕਈ ਦੋਪਹੀਆ ਵਾਹਨਾਂ ਦੇ ਚਾਲਾਨ ਕੱਟੇ ਅਤੇ ਦਸਤਾਵੇਜ਼ ਨਾ ਮਿਲਣ ’ਤੇ ਕਈ ਵਾਹਨ ਜ਼ਬਤ ਕੀਤੇ|
ਪੁਲੀਸ ਵੱਲੋਂ ਅੱਜ ਥਾਣਾ ਇੰਚਾਰਜ ਚਾਂਦ ਰਾਮ ਦੀ ਅਗਵਾਈ ’ਚ ਪੰਜਾਬ ਬੱਸ ਸਟੈਂਡ, ਰੇਲਵੇ ਫਾਟਕ, ਦੇਸੂ ਮਲਕਾਣਾ ਰੋਡ ਆਦਿ ਥਾਵਾਂ ’ਤੇ ਨਾਕੇ ਲਗਾ ਕੇ ਵਾਹਨਾਂ ਦੇ ਕਾਗਜ਼ਾਤ ਚੈੱਕ ਕਰਦੇ ਹੋਏ ਵਾਹਨਾਂ ਦੇ ਚਲਾਨ ਕੱਟੇ| ਥਾਣਾ ਇੰਚਾਰਜ ਨੇ ਦੱਸਿਆ ਕਿ ਬਿਨਾਂ ਨੰਬਰ ਪਲੇਟ ਅਤੇ ਹੋਰ ਤਰੀਕਿਆਂ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਹਨ| ਇਸ ਤੋਂ ਇਲਾਵਾ ਬੁਲੇਟ ਮੋਟਰਸਾਈਕਲ ਦੇ ਸਾਈਲੈਂਸਰ ਮਾਡਿਊਲ ਨੂੰ ਬਦਲਣ ’ਤੇ ਵੀ ਚਲਾਨ ਕੱਟੇ ਜਾ ਰਹੇ ਹਨ| ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਹਨ ਚਲਾਉਂਦੇ ਸਮੇਂ ਵਾਹਨ ਦੇ ਸਾਰੇ ਦਸਤਾਵੇਜ਼ ਆਪਣੇ ਨਾਲ ਰੱਖਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ|