ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 19 ਅਗਸਤ
‘ਟੈਕਨੀਕਲ ਸਰਵਿਸਜ਼ ਯੂਨੀਅਨ’ ਦੇ ਸੱਦੇ ‘ਤੇ ਟੀਐੱਸਯੂ ਸਬ ਡਿਵੀਜ਼ਨ ਬਰੀਵਾਲਾ ਦੇ ਬਿਜਲੀ ਕਾਮਿਆਂ ਵੱਲੋਂ ਵਰ੍ਹਦੇ ਮੀਂਹ ‘ਚ ਗੇਟ ਰੈਲੀ ਕੀਤੀ ਗਈ। ਇਸ ਮੌਕੇ ਯੂਨੀਅਨ ਪ੍ਰਧਾਨ ਬੱਲਾ ਸਿੰਘ, ਫਕੀਰ ਸਿੰਘ, ਸੁਖਨੰਦਨ ਸਿੰਘ, ਸੁਖਮਿੰਦਰ ਸਿੰਘ, ਮਨਿੰਦਰ ਸਿੰਘ ਤੇ ਅਮਰਜੀਤਪਾਲ ਸ਼ਰਮਾ ਸਰਕਲ ਖ਼ਜ਼ਾਨਚੀ ਆਦਿ ਬੁਲਾਰਿਆਂ ਨੇ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਵੱਲੋਂ 40 ਹਜ਼ਾਰ ਪੋਸਟਾਂ ਖਤਮ ਕਰਨ, ਜਜੀਆ ਟੈਕਸ ਵਧਾ ਕੇ 200 ਤੋਂ 1650 ਰੁਪਏ ਕਰਨ, ਲਹਿਰਾ ਅਤੇ ਰੋਪੜ ਥਰਮਲ ਨੂੰ ਬੰਦ ਕਰਨ ਦੀਆਂ ਕੀਤੀਆਂ ਸਿਫਰਾਸ਼ਾਂ ਦੀ ਨਿਖੇਧੀ ਕੀਤੀ।
ਆਗੂਆਂ ਕਿਹਾ ਕਿ ਇਕ ਪਾਸੇ ਟੈਕਨੀਕਲ ਦੀਆਂ ਹਜ਼ਾਰਾਂ ਪੋਸਟਾਂ ਖਾਲ੍ਹੀ ਪਈਆਂ ਹਨ ਅਤੇ ਖਪਤਕਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ, ਤਕਨੀਕੀ ਕਾਮਿਆਂ ਨੂੰ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਕੰਮ ਕਰਨਾ ਪੈ ਰਿਹਾ ਹੈ, ਘੱਟ ਸਟਾਫ਼ ਕਾਰਨ ਰੋਜ਼ਾਨਾ ਕੀਮਤੀ ਜਾਨਾਂ ਗਵਾ ਰਹੇ ਹਨ ਪਰ ਦੂਜੇ ਪਾਸੇ ਪੋਸਟਾਂ ਭਰਨ ਦੀ ਬਜਾਏ ਖ਼ਤਮ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ। ਬੁਲਾਰਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਅਤੇ ਜਥੇਬੰਦੀ ਦੀ ਮੰਗ ਹੈ ਕਿ ਖਾਲੀ ਪੋਸਟਾਂ ’ਤੇ ਨਵੀਂ ਪੱਕੀ ਭਰਤੀ ਕੀਤੀ ਜਾਵੇ। ਆਗੂਆਂ ਆਉਣ ਵਾਲੇ ਸਮੇਂ ਵਿੱਚ ਘੋਲ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ।