ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 8 ਫਰਵਰੀ
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਖਰੇ ਸਮੇਤ ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨਾਲ ਅੱਜ ਸਥਾਨਕ ਪੁਰਾਣੀ ਅਨਾਜ ਮੰਡੀ ਵਿਖੇ ਸ਼ਿਕਾਇਤ ਨਿਵਾਰਣ ਕੈਂਪ ਲਾਇਆ।
ਇਸ ਮੌਕੇ ਲੋਕਾਂ ਨੇ ਆਪੋ-ਆਪਣੇ ਦੁੱਖ ਵਿਧਾਇਕਾ ਅਤੇ ਅਧਿਕਾਰੀਆਂ ਨੂੰ ਦੱਸੇ। ਵਿਧਾਇਕਾ ਬਲਜਿੰਦਰ ਕੌਰ ਅਤੇ ਡਿਪਟੀ ਕਮਿਸ਼ਨਰ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ‘ਤੇ ਹੱਲ ਕਰਨ ਲਈ ਹਦਾਇਤਾਂ ਕੀਤੀਆਂ। ਇਸ ਮੌਕੇ ਸੀਵਰੇਜ ਦੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਇੱਕ ਡੇਰੇ ਦੇ ਸੰਚਾਲਕ ਨੇ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਮਾੜੇ ਰਵੱਈਏ ਪ੍ਰਤੀ ਖਾਸੀ ਨਾਰਾਜ਼ਗੀ ਪ੍ਰਗਟ ਕੀਤੀ ਪਰ ਵਿਧਾਇਕਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਲਦੀ ਹੀ ਇਹ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਵਸਨੀਕ ਦਲਜੀਤ ਸਿੰਘ ਨੇ ਫੂਡ ਸਪਲਾਈ ਵਿਭਾਗ ਦੇ ਇਕ ਅਧਿਕਾਰੀ ਵੱਲੋਂ ਕੀਤੇ ਘਪਲਿਆਂ ਦੀ ਜਾਂਚ ਮੰਗੀ। ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਗਈ ਹੈ।