ਪਰਮਜੀਤ ਸਿੰਘ
ਫਾਜ਼ਿਲਕਾ, 16 ਮਈ
ਦੇਸ਼ ਦੀ ਆਜ਼ਾਦੀ ਦੇ ਪਚੱਤਰ ਸਾਲ ਬੀਤਣ ਦੇ ਬਾਵਜੂਦ ਵੀ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰਹੇਲਾ ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇੱਥੋਂ ਦੇ ਲੋਕਾਂ ਨੂੰ ਅੱਜ ਵੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੋਣਾ ਪੈਂਦਾ ਹੈ।
ਪਿੰਡ ਵਿੱਚ ਗਲੀਆਂ ਨਾਲੀਆਂ ਦੀ ਹਾਲਤ ਜਿਉਂ ਦੀ ਤਿਉਂ ਹੈ ਅਤੇ ਗਲੀਆਂ ਵਿੱਚ ਨਾਲੀਆਂ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਪਿੰਡ ਵਿੱਚ ਪਾਣੀ ਦੇ ਨਿਕਾਸ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਪਿੰਡ ਵਿੱਚ ਵੜਦੇ ਸਾਰ ਹੀ ਲੰਬੇ ਸਮੇਂ ਤੋਂ ਖੜ੍ਹਾ ਪਾਣੀ ਬਦਬੂ ਮਾਰ ਰਿਹਾ ਹੈ। ਪਿੰਡ ਦੀ ਵਸਨੀਕ ਬਲਵੀਰ ਸਿੰਘ, ਸੀਤਾ ਸਿੰਘ, ਚੰਨਾ ਸਿੰਘ, ਮਲਕੀਅਤ ਸਿੰਘ, ਹਰਜਿੰਦਰ ਸਿੰਘ, ਛਣਕਾ ਸਿੰਘ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਜਦੋਂ ਵੀ ਵੋਟਾਂ ਆਉਂਦੀਆਂ ਹਨ ਹਰ ਸਿਆਸੀ ਆਗੂ ਪਿੰਡ ਦੇ ਵਿਕਾਸ ਦੀਆਂ ਗੱਲਾਂ ਤਾਂ ਕਰ ਜਾਂਦੇ ਹਨ ਪ੍ਰੰਤੂ ਵੋਟਾਂ ਪੈਣ ਮਗਰੋਂ ਫਿਰ ਮੁੜ ਕੇ ਸਾਰ ਨਹੀਂ ਲੈਂਦੇ। ਇਸ ਮੌਕੇ ਉਨ੍ਹਾਂ ਨਾਲ ਹਾਜ਼ਰ ਸੀਪੀਆਈ ਦੇ ਬਲਾਕ ਸਮਿਤੀ ਮੈਂਬਰ ਕਾਮਰੇਡ ਸੁਬੇਗ ਝੰਗੜ ਭੈਣੀ ਨੇ ਕਿਹਾ ਕਿ ਹੁਣ ਪੰਜਾਬ ’ਚ ਇਕ ਵੱਡਾ ਬਦਲਾਅ ਲਿਆ ਕੇ ਲੋਕਾਂ ਨੇ ਵੱਡੀ ਆਸ ਨਾਲ ‘ਆਪ’ ਨੂੰ ਜਿਤਾਇਆ ਹੈ, ਪਰੰਤੂ ਅਜੇ ਤੱਕ ਉਨ੍ਹਾਂ ਤੋਂ ਵੀ ਵਿਕਾਸ ਦੀ ਤਸਵੀਰ ਧੁੰਦਲੀ ਨਜ਼ਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ ਸਭ ਤੋਂ ਵੱਧ ਬੱਚੇ ਨਾਮੁਰਾਦ ਬੀਮਾਰੀਆਂ ਨਾਲ ਪੀੜਤ ਹਨ।