ਪੱਤਰ ਪ੍ਰੇਰਕ
ਚਾਉਕੇ, 8 ਸਤੰਬਰ
ਡੀਐੱਮ ਸਕੂਲ ਕਰਾੜਵਾਲਾ ਵਿੱਚ ਸੈਂਟਰ ਰਾਮਪੁਰਾ ਪਿੰਡ ਦੇ ਬਲਾਕ ਪੱਧਰ ਦੀਆਂ ਪ੍ਰਾਇਮਰੀ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਬੈਂਕ ਆਫ ਇੰਡੀਆ ਦੇ ਬਰਾਂਚ ਮੈਨੇਜਰ ਰੁਪਿੰਦਰਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਖੇਡਾਂ ਦੇ ਪ੍ਰਾਪਤ ਨਤੀਜਿਆਂ ਅਨੁਸਾਰ ਬੈਡਮਿੰਟਨ (ਲੜਕੀਆਂ) ’ਚੋਂ ਡੀਐੱਮ ਸਕੂਲ ਪਬਲਿਕ ਕਰਾੜਵਾਲਾ ਨੇ ਪਹਿਲਾ ਸਥਾਨ, ਫੁਟਬਾਲ (ਲੜਕੇ) ਡੀ.ਐੱਮ ਸਕੂਲ ਕਰਾੜਵਾਲਾ ਨੇ ਪਹਿਲਾ ਸਥਾਨ, ਸ਼ਤਰੰਜ ’ਚ ਡੀਐੱਮ ਸਕੂਲ ਨੇ ਪਹਿਲਾ, ਰੱਸਾਕਸ਼ੀ ’ਚ ਡੀਐੱਮ ਨੇ ਪਹਿਲਾ, ਕਬੱਡੀ ਨੈਸ਼ਨਲ (ਲੜਕੇ) ’ਚੋਂ ਪਹਿਲਾ ਸਥਾਨ ਭੂੰਦੜ, ਕਬੱਡੀ ਨੈਸ਼ਨਲ (ਲੜਕੀਆਂ) ਵਿਚ ਭੂੰਦੜ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਇੰਜ. ਅਵਤਾਰ ਸਿੰਘ ਢਿੱਲੋਂ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ।
ਗਿੱਦੜਬਾਹਾ (ਪੱਤਰ ਪ੍ਰੇਰਕ): ਬਲਾਕ ਗਿੱਦੜਬਾਹਾ ਵਿੱਚ ਕਰਵਾਈਆਂ ਗਈਆਂ ਖੇਡਾਂ ਵਿੱਚ ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਗਈਆਂ। ਇਸ ਸਬੰਧੀ ਪ੍ਰਿੰਸੀਪਲ ਪਰਮਜੀਤ ਕੌਰ ਬਰਾੜ ਅਤੇ ਗੁਰਮੇਲ ਸਿੰਘ ਲੁਹਾਰਾ ਡੀਪੀਈ ਨੇ ਜਾਣਕਾਰੀ ਦਿੱਤੀ ਹੈ।
ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਦੀ ਸ਼ੁਰੂਆਤ
ਭੀਖੀ (ਪੱਤਰ ਪ੍ਰੇਰਕ): ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਮਾਨਸਾ ਦੇ ਪਹਿਲੇ ਗੇੜ ਦੀਆਂ ਖੇਡਾਂ ਦਾ ਜ਼ਿਲ੍ਹਾ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ ਗਿਆ। ਡਾ. ਵਿਜੈ ਕੁਮਾਰ ਮਿੱਢਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਭੀਖੀ ਦੇ ਵਿਹੜੇ ਵਿੱਚ ਜ਼ਿਲ੍ਹਾ ਪੱਧਰੀ ਖੇਡਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਦੀਆਂ ਹਨ, ਜੋ ਸਮਾਜ ਅਤੇ ਦੇਸ਼ ਦੇ ਉਥਾਨ ਲਈ ਅਤਿ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਜੂਡੋ ਅਤੇ ਯੋਗ ਖੇਡ ਦਾ ਸ਼ੁੱਭ ਆਰੰਭ ਕਰਵਾਇਆ।
ਗੱਗੜ ਸਕੂਲ ਨੇ ਓਵਰਆਲ ਟਰਾਫ਼ੀ ਜਿੱਤੀ
ਲੰਬੀ (ਪੱਤਰ ਪ੍ਰੇਰਕ): ਸਿੱਖਿਆ ਵਿਭਾਗ ਦੇ ਸੈਂਟਰ ਬਾਦਲ ਦੀਆਂ ਤਿੰਨ ਰੋਜ਼ਾ ਪ੍ਰਾਇਮਰੀ ਖੇਡਾਂ ’ਚ ਮੇਜ਼ਬਾਨ ਸਰਕਾਰੀ ਪ੍ਰਾਇਮਰੀ ਸਕੂਲ ਗੱਗੜ ਨੇ ਓਵਰਆਲ ਟਰਾਫ਼ੀ ’ਤੇ ਕਬਜ਼ਾ ਕੀਤਾ। ਖੇਡ ਮੁਕਾਬਲਿਆਂ ’ਚ ਪ੍ਰਾਇਮਾਰੀ ਸਕੂਲ ਗੱਗੜ ਦੀਆਂ ਟੀਮਾਂ ਕਬੱਡੀ (ਲੜਕੇ), ਕਬੱਡੀ (ਲੜਕੀਆਂ), ਖੋ-ਖੋ (ਲੜਕੀਆਂ), 100 ਮੀਟਰ (ਲੜਕੀਆਂ), ਸ਼ਾਟ ਪੁੱਟ (ਲੜਕੀਆਂ) ਵਿੱਚ ਜੇਤੂ ਰਹੀਆਂ।