ਪੱਤਰ ਪ੍ਰੇਰਕ
ਸੰਘਾ, 9 ਜੁਲਾਈ
ਇੱਥੋਂ ਨੇੜਲੇ ਪਿੰਡ ਮੀਰਪੁਰ ਖੁਰਦ ਵਿੱਚ ਕਿਸਾਨਾਂ ਨੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਦੁਖੀ ਹੋ ਕੇ ਆਪਣੀ ਨਰਮੇ ਦੀ ਫ਼ਸਲ ਵਾਹ ਦਿੱਤੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਹਰਪਾਲ ਸਿੰਘ ਪਾਲੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੇ ਸੱਤ ਕਿਸਾਨਾਂ ਨੇ 19 ਏਕੜ ਨਰਮੇ ਦੀ ਫ਼ਸਲ ਵਾਹ ਦਿੱਤੀ ਹੈ| ਕਿਸਾਨ ਗੁਰਮੇਲ ਸਿੰਘ ਨੇ 4 ਏਕੜ, ਜਗਮੇਲ ਸਿੰਘ ਨੇ 2 ਏਕੜ, ਸੁਰਿੰਦਰ ਸਿੰਘ ਨੇ 2 ਏਕੜ, ਸੁਖਦੇਵ ਸਿੰਘ ਨੇ 2 ਏਕੜ, ਜੱਜ ਸਿੰਘ ਨੇ 5 ਏਕੜ, ਕੁਲਦੀਪ ਸਿੰਘ ਨੇ 2 ਏਕੜ, ਗੁਰਚਰਨ ਸਿੰਘ ਨੇ 2 ਏਕੜ ਨਰਮਾ ਵਾਹ ਦਿੱਤਾ।
ਇਸ ਮੌਕੇ ਭਾਰਤੀ ਕਿਸਾਨ ਯੂਨਿਆਨ (ਉਗਰਾਹਾਂ) ਦੇ ਸਰਦੂਲਗੜ੍ਹ ਬਲਾਕ ਦੇ ਪ੍ਰਧਾਨ ਹਰਪਾਲ ਸਿੰਘ ਪਾਲੀ, ਜਨਰਲ ਸੈਕਟਰੀ ਬਿੰਦਰ ਸਿੰਘ ਝੰਡਾ ਕਲਾਂ, ਪ੍ਰੈੱਸ ਸਕੱਤਰ ਗੁਰਪਿੰਦਰ ਸਿੰਘ ਆਦਮਕੇ, ਖਜਾਂਚੀ ਲੀਲਾ ਸਿੰਘ ਜਟਾਣਾ ਨੇ ਕਿਹਾ ਕਿ ਕਿਸਾਨਾਂ ਨੇ ਮੋਟੇ ਖ਼ਰਚੇ ਕਰ ਕੇ ਨਰਮੇ ਦੀ ਫ਼ਸਲ ਬੀਜੀ ਸੀ। ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਨੇ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਠੋਸ ਕਦਮ ਚੁੱਕੇ ਜਾਣ ਅਤੇ ਕਿਸਾਨਾਂ ਨੂੰ ਪ੍ਰਤੀ ਏਕੜ 60 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ|
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਾਹੇ ਹੋਏ ਨਰਮੇ ਦੀ ਜਲਦੀ ਗਿਰਦਾਵਰੀ ਕਰਵਾਈ ਜਾਵੇ, ਸਰਕਾਰ ਵੱਲੋਂ ਜਲਦੀ ਕਿਸਾਨਾਂ ਨੂੰ ਮੁਆਵਜ਼ੇ ਦੀ ਰਕਮ ਜਾਰੀ ਕੀਤੀ ਜਾਵੇ ਨਹੀਂ ਤਾਂ ਭਾਰਤੀ ਕਿਸਾਨ ਯੂਨਿਅਨ ਉਗਰਾਹਾਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮੈਂਬਰ ਸਰਬਜੀਤ ਸਿੰਘ, ਮੱਖਣ ਸਿੰਘ, ਮਲਕੀਤ ਸਿੰਘ ਝੰਡਾ ਕਲਾਂ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ|
ਇਸ ਸਬੰਧੀ ਜਾਣਕਾਰੀ ਲਈ ਜਦੋਂ ਖੇਤੀਬਾੜੀ ਅਧਿਕਾਰੀ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਮਿਲੀਬੱਗ ਨੇ ਨਰਮੇ ਦੀ ਫ਼ਸਲ ਨੂੰ ਬਰਬਾਦ ਕੀਤਾ
ਕਾਲਾਂਵਾਲੀ (ਪੱਤਰ ਪ੍ਰੇਰਕ): ਖੇਤਰ ਦੇ ਪਿੰਡ ਤਿਲੋਕੇਵਾਲਾ ਵਿੱਚ ਗੁਲਾਬੀ ਸੁੰਡੀ ਤੋਂ ਬਾਅਦ ਹੁਣ ਮਿਲੀਬੱਗ ਦੇ ਕਹਿਰ ਕਾਰਨ ਨਰਮੇ ਦੀ ਫ਼ਸਲ ਤਬਾਹ ਹੋ ਰਹੀ ਹੈ। ਕਿਸਾਨ ਨਰਮੇ ਦੀ ਫ਼ਸਲ ਨੂੰ ਜ਼ਮੀਨ ਵਿੱਚ ਦੱਬਣ ਲਈ ਮਜਬੂਰ ਹਨ। ਕਿਸਾਨ ਇਕਬਾਲ ਸਿੰਘ ਨੇ ਦੱਸਿਆ ਕਿ ਮਿਲੀਬੱਗ ਦਾ ਕਹਿਰ ਵਧਣ ਕਰ ਕੇ ਖੇਤ ਵਿੱਚ ਨਰਮੇ ਦੀ ਖੜ੍ਹੀ ਫ਼ਸਲ ਬਰਬਾਦ ਹੋ ਰਹੀ ਹੈ। ਕਿਸਾਨ ਕੁਲਵੀਰ ਸਿੰਘ ਨੇ ਨਰਮੇ ਦੀ ਫ਼ਸਲ ਜ਼ਮੀਨ ਵਿੱਚ ਦੱਬ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਕਾਸ਼ਤ ’ਤੇ ਉਨ੍ਹਾਂ ਦਾ ਕਾਫ਼ੀ ਜ਼ਿਆਦਾ ਖ਼ਰਚਾ ਆਇਆ ਹੈ। ਉਨ੍ਹਾਂ ਮਿਹਨਤ ਕਰ ਕੇ ਨਰਮਾ ਪਾਲਿਆ ਸੀ ਜੋ ਹੋਣ ਮਿਲੀਬੱਗ ਦੀ ਭੇਟ ਚੜ੍ਹ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਨਰਮੇ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਸੀ ਤੇ ਹੁਣ ਮਿਲੀਬੱਗ ਦਾ ਕਹਿਰ ਸ਼ੁਰੂ ਹੋ ਗਿਆ। ਕਿਸਾਨ ਕੁਲਵੀਰ ਸਿੰਘ ਨੇ ਕਿਹਾ ਸਾਰੇ ਯਤਨ ਅਸਫ਼ਲ ਹੋਣ ਮਗਰੋਂ ਉਸ ਨੇ ਮਜਬੂਰੀ ਵਿੱਚ ਨਰਮਾ ਵਾਹਿਆ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਰਮੇ ਦੀ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਦੀ ਮੰਗ ਹੈ ਕਿ ਘੱਟੋ-ਘੱਟ ਪੰਜਾਹ ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ।