ਨਿੱਜੀ ਪੱਤਰ ਪ੍ਰੇਰਕ
ਰਾਮੁਪਰਾ ਫੂਲ, 28 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਪਿੰਡ ਮਹਿਰਾਜ ਵਿੱਚ ਅੱਜ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ 4 ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ। ਇਨ੍ਹਾਂ ਵਿੱਚ ਬੋਹੜਾਂ ਵਾਲੇ ਛੱਪੜ, ਨਵੇਂ ਬੱਸ ਸਟੈਂਡ ਦੀ ਉਸਾਰੀ, ਸੌਲ਼ ਪੱਤੀ ਨੇੜੇ ਵਾਟਰ ਵਰਕਸ ਪਾਰਕ ਦੀ ਉਸਾਰੀ ਤੇ ਮਹਿਰਾਜ ਸਿਧਾਣਾ ਰੋਡ ਤੇ ਨਵੇਂ ਪਾਰਕ ਦੀ ਉਸਾਰੀ ਸ਼ਾਮਲ ਹੈ।
ਨਗਰ ਪੰਚਾਇਤ ਮਹਿਰਾਜ ਦੇ ਦਫ਼ਤਰ ਵਿੱਚ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਮਹਿਰਾਜ ਦੇ ਵਿਕਾਸ ਕਾਰਜਾਂ ਲਈ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਜਾਣ-ਬੁੱਝ ਕੇ ਸੀਵਰੇਜ ਸਿਸਟਮ ਨੂੰ ਫੇਲ੍ਹ ਦੱਸ ਰਹੇ ਹਨ, ਹੁਣ ਨਵੀਂ ਮਸ਼ੀਨਰੀ ਆਉਣ ਨਾਲ ਸੀਵਰੇਜ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ। ਇਸ ਮੌਕੇ ਉਨ੍ਹਾਂ ਵੱਲੋਂ ਲਗਭਗ 26 ਘਰਾਂ ਨੂੰ ਅਵਾਸ ਯੋਜਨਾ ਅਧੀਨ ਲੱਖ ਰੁਪਏ ਪ੍ਰਤੀ ਘਰ ਦੀ ਸਹਾਇਤਾ ਲਈ ਮਨਜ਼ੂਰੀ ਪੱਤਰ ਦਿੱਤੇ ਗਏ। ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਨੇ ਦੱਸਿਆ ਕਿ ਨਗਰ ਪੰਚਾਇਤ ਮਹਿਰਾਜ ਵੱਲੋਂ 39.95 ਲੱਖ ਰੁਪਏ ਦੀ ਲਾਗਤ ਨਾਲ ਮਸ਼ੀਨਰੀ ਖਰੀਦੀ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਵਿੱਚ ਪਿੰਡ ਦੇ ਮਾੜੇ ਹਾਲਾਤ ਬਾਰੇ ਲੰਘੇ ਦਿਨੀਂ ਖ਼ਬਰਾਂ ਪ੍ਰਮੁੱਖਤਾ ਨਾਲ ਛਾਪੀਆਂ ਗਈਆਂ ਸਨ ਜਿਸ ਦਾ ਅੱਜ ਅਸਰ ਦੇਖਣ ਨੂੰ ਮਿਲਿਆ।