ਜੋਗਿੰਦਰ ਸਿੰਘ ਮਾਨ
ਮਾਨਸਾ, 14 ਜੂਨ
ਪੰਜਾਬ ਸਰਕਾਰ ਵੱਲੋਂ 17 ਜੂਨ ਤੋਂ ਪਹਿਲਾਂ ਮਾਲਵਾ ਖੇਤਰ ਵਾਲੇ ਜ਼ਿਲ੍ਹਿਆਂ ਵਿੱਚ ਝੋਨਾ ਨਾ ਲਾਉਣ ਦੀ ਕੀਤੀ ਗਈ ਅਪੀਲ ਦੇ ਬਾਵਜੂਦ ਕਈ ਥਾਈਂ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਬਿਨਾਂ ਕਿਸੇ ਡਰ-ਡੁੱਕਰ ਤੋਂ ਝੋਨਾ ਲਾਇਆ ਜਾ ਰਿਹਾ ਹੈ। ਬੇਸ਼ੱਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕਿਸਾਨਾਂ ਨੂੰ ਪੂਰੀ ਬਿਜਲੀ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਨਹਿਰਾਂ ਵਿੱਚ ਪਾਣੀ ਹੈ, ਪਰ ਇਸ ਦੇ ਬਾਵਜੂਦ ਕਿਸਾਨਾਂ ਵੱਲੋਂ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਆਪਣੇ ਖੇਤਾਂ ਕੱਦੂ ਕੀਤੇ ਜਾਣ ਲੱਗੇ ਹਨ।
ਅੱਜ ਕਿਸਾਨਾਂ ਨੇ ਚੌਥੇ ਦਿਨ ਪਿੰਡ ਭੈਣੀਬਾਘਾ ਵਿੱਚ ਝੋਨੇ ਦੀ ਲਵਾਈ ਕੀਤੀ। ਭਾਵੇਂ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੇ ਕਿਸਾਨਾਂ ਦੇ ਖੇਤਾਂ ਤੱਕ ਜਾਣ ਦਾ ਹੌਸਲਾ ਕੀਤਾ, ਪਰ ਅੱਗੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮਿਲਕੇ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਕਰਨ ਦੀ ਵਿਭਾਗੀ ਜੁਅੱਰਤ ਨਾ ਪਈ।
ਉੱਧਰ, ਕਿਸਾਨਾਂ ਦਾ ਕਹਿਣਾ ਹੈ ਕਿ ਪਰਵਾਸੀ ਮਜ਼ਦੂਰਾਂ ਦੀ ਸਮੱਸਿਆ ਨੂੰ ਲੈ ਕੇ ਕਿਸਾਨਾਂ ਵੱਲੋਂ ਦੇਸ਼ ਦਾ ਢਿੱਡ ਅਨਾਜ ਨਾਲ ਭਰਨ ਦੇ ਇਰਾਦੇ ਨਾਲ ਇਹ ਝੋਨਾ ਲਾਇਆ ਜਾ ਰਿਹਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਦੇ ਖੇਤ ਵਿੱਚ ਅੱਜ ਸਾਰਾ ਦਿਨ ਲੱਗਦਾ ਰਿਹਾ। ਜਥੇਬੰਦੀ ਦੇ ਆਗੂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਿਸ਼ਚਿਤ ਕੀਤੇ ਸਮੇਂ ਤੋਂ ਪਹਿਲਾਂ ਲਾਏ ਝੋਨੇ ਦੀ ਪਿੰਡਾਂ ਵਿਚਲੇ ਯੂਨੀਅਨ ਦੇ ਯੂਨਿਟ ਬਾਕਾਇਦਾ ਰਾਖੀ ਕਰਨਗੇ ਅਤੇ ਖੇਤੀ ਅਧਿਕਾਰੀਆਂ ਨੂੰ ਕਿਸੇ ਵੀ ਕਿਸਾਨ ਦੇ ਝੋਨਾ ਵਾਹੁਣ ਵਰਗੀ ਨੌਬਤ ਖੜ੍ਹੀ ਨਹੀਂ ਹੋਣ ਦਿੱਤੀ ਜਾਵੇਗੀ। ਪੰਜਾਬ ਕਿਸਾਨ ਯੂਨੀਅਨ ਵੱਲੋਂ ਇਸ ਸਰਕਾਰੀ ਅਪੀਲ ਖਿਲਾਫ਼ ਬਗਾਵਤ ਦੀ ਸ਼ੁਰੂਆਤ ਕਿਸਾਨੀਂ ਸੰਘਰਸ਼ਾਂ ਵਜੋਂ ਮੋਹਰੀ ਮੰਨੇ ਜਾਂਦੇ ਪਿੰਡ ਭੈਣੀਬਾਘਾ ਤੋਂ ਕੀਤੀ ਗਈ। ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਕਿਸਾਨਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਉਹ 17 ਜੂਨ ਤੋਂ ਝੋਨਾ ਲਾਉਣ ਲਈ ਮੁੱਖ ਮੰਤਰੀ ਵਾਲੇ ਹੁਕਮਾਂ ਤੋਂ ਬਿਲਕੁਲ ਨਾ ਘਬਰਾਉਣ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਕਿਹਾ ਕਿ ਨਹਿਰਾਂ, ਸੂਏ ਸੁੱਕੇ ਪਏ ਹਨ ਅਤੇ ਖੇਤੀ ਮੋਟਰਾਂ ਵਾਲੀ ਬਿਜਲੀ 17 ਜੂਨ ਨੂੰ ਆਰੰਭ ਕਰਨ ਦਾ ਸਿਰਫ਼ ਵਿਸ਼ਵਾਸ ਹੀ ਦਿਵਾਇਆ ਗਿਆ ਹੈ, ਪਰ ਕਿਸਾਨਾਂ ਨੇ ਪਰਵਾਸੀ ਮਜ਼ਦੂਰਾਂ ਦੀ ਘਾਟ ਨੂੰ ਵੇਖਦੇ ਹੋਏ ਝੋਨਾ ਲਾਉਣਾ ਆਰੰਭ ਕਰ ਦਿੱਤਾ ਹੈ।
ਸਰਕਾਰੀ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਹੋਵੇਗੀ ਕਾਰਵਾਈ: ਅਧਿਕਾਰੀ
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਖੇਤਰ ਵਿੱਚ ਜਿਹੜੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਅਗੇਤਾ ਝੋਨਾ ਲਾਇਆ ਗਿਆ ਹੈ, ਉਨ੍ਹਾਂ ਖਿਲਾਫ਼ ਸਰਕਾਰੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।